
ਕੈਪਸ਼ਨ: ਸਰਪੰਚ ਜਸਵਿੰਦਰ ਸਿੰਘ ਵਲੋਂ ਆਪਣੀ ਹਵੇਲੀ ਦਾ ਸੜਕ ‘ਤੇ ਸੁੱਟਿਆ ਜਾ ਰਿਹਾ ਗੰਦਾ ਪਾਣੀ
ਸਰਪੰਚ ਵਲੋਂ ਆਪਣੀ ਹਵੇਲੀ ਦਾ ਗੰਦਾ ਪਾਣੀ ਗੁਰਦੁਆਰੇ ਨੂੰ ਜਾਂਦੀ ਸੜਕ ‘ਤੇ ਸੁੱਟਿਆ ਜਾ ਰਿਹਾ
ਵਿਭਾਗ ਨੇ ਬਿਨ੍ਹਾਂ ਇਜਾਜ਼ਤ ਪਾਈਆਂ ਪਾਈਪਾਂ ਕਾਰਨ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਪੰਚਾਇਤ ‘ਤੇ ਸੁੱਟੀ
ਮੁਕੇਰੀਆਂ, 1 ਸਤੰਬਰ, ਮਨਜੀਤ ਸਿੰਘ ਚੀਮਾ:
ਲੋਕ ਨਿਰਮਾਣ ਵਿਭਾਗ ਵਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਕੰਕਰੀਟ ਪਾਈਪਾਂ ਪਾਉਣ ‘ਤੇ ਲਗਾਈ ਮਨਾਹੀ ਦੇ ਬਾਵਜੂਦ ਪਿੰਡ ‘ਚ ਇਹ ਪਾਈਪਾਂ ਪਾਉਣ ਵਾਲੇ ਪਿੰਡ ਨੁਸ਼ਿਹਰਾ ਪੱਤਣ ਦੇ ਸਰਪੰਚ ਵਲੋਂ ਆਪਣੀ ਹਵੇਲੀ ਦਾ ਸਾਰਾ ਪਾਣੀ ਸੜਕ ‘ਤੇ ਸੁੱਟਿਆ ਜਾ ਰਿਹਾ ਹੈ। ਇਹ ਵੱਡਾ ਸਵਾਲ ਹੈ ਕਿ ਸਰਪੰਚ ਆਪਣੀ ਹਵੇਲੀ ਦੇ ਪਾਣੀ ਦੀ ਨਿਕਾਸੀ ਲਈ ਹਵੇਲੀ ਅੱਗੇ ਇਹ ਪਾਈਪਾਂ ਕਿਉਂ ਨਹੀਂ ਪਾ ਰਿਹਾ। ਉੱਧਰ ਬੀਡੀਪੀਓ ਮੁਕੇਰੀਆਂ ਨੇ ਬੀਤੇ ਦਿਨ ਸਰਪੰਚ ਨੁਸ਼ਿਹਰਾ ਪੱਤਣ ਨੂੰ ਲਿਖਤੀ ਪੱਤਰ ਭੇਜ ਕੇ ਇਸ ਕੰਮ ‘ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਜਦੋਂ ਕਿ ਪੰਚਾਇਤੀ ਰਾਜ ਦੇ ਉਸਾਰੀ ਵਿੰਗ ਨੇ ਵੀ ਇਸ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ।
ਪਿੰਡ ਨੁਸ਼ਿਹਰਾ ਪੱਤਣ ਦੇ ਵਸਨੀਕ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਦੀ ਹਵੇਲੀ ਦਾ ਗੰਦਾ ਪਾਣੀ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਉੱਤੇ ਖੁੱਲੇ ਵਿੱਚ ਸੁੱਟਿਆ ਜਾ ਰਿਹਾ ਹੈ। ਉਸਦੀ ਹਵੇਲੀ ਵਾਲੀ ਸਾਈਡ ਉੱਤੇ ਨਾ ਤਾਂ ਕੋਈ ਨਿਕਾਸੀ ਖਾਲਾ ਬਣਾਇਆ ਜਾ ਰਿਹਾ ਹੈ ਅਤੇ ਨਾ ਹੀ ਲੋਕ ਨਿਰਮਾਣ ਵਿਭਾਗ ਵਲੋਂ ਨੁਕਸਾਨਦੇਹ ਦੱਸੀਆਂ ਜਾ ਰਹੀਆਂ ਪਾਈਪਾਂ ਹੀ ਪਾਈਆਂ ਗਈਆਂ ਹਨ। ਅਜਿਹੇ ਵਿੱਚ ਲੋਕ ਨਿਰਮਾਣ ਵਿਭਾਗ ਕੋਲੋਂ ਇਜਾਜ਼ਤ ਲਏ ਬਿਨ੍ਹਾਂ ਅਤੇ ਵਿਭਾਗ ਵਲੋਂ ਇਹ ਪਾਈਪਾਂ ਪਾਉਣੀਆਂ ਨੁਕਸਾਨਦੇਹ ਦੱਸੇ ਜਾਣ ਦੇ ਬਾਵਜੂਦ ਅਜਿਹੇ ਸੂਝਵਾਨ ਸਰਪੰਚ ਦੀ ਮਨਸ਼ਾ ਸਹਿਜੇ ਹੀ ਸ਼ਪੱਸਟ ਹੋ ਜਾਂਦੀ ਹੈ ਕਿ ਉਹ ਪੰਚਾਇਤ ਕੋਲ ਪਏ ਫੰਡ ਕਿਸੇ ਤਰੀਕੇ ਖਪਾਉਣਾ ਚਾਹੁੰਦਾ ਹੈ।
ਲੋਕ ਨਿਰਮਾਣ ਵਿਭਾਗ ਨੇ ਬੀਡੀਪੀਓ ਮੁਕੇਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਲਿਖਿਆ ਹੈ ਕਿ ਮੁਕੇਰੀਆਂ ਨੁਸ਼ਿਹਰਾ ਟੂ ਗੁਰਦੁਆਰਾ ਸਾਹਿਬ ਵਿੱਦ ਲਿੰਕ ਟੂ ਮੰਦਿਰ ਸੜਕ ਹੁਣ ਪੀ ਐਮ ਜੀ ਐਸ ਵਾਈ ਫੇਜ਼-3 ਡੀ ਆਰ ਟੈਕਨਾਲਜੀ ਅਧੀਨ ਮਨਜ਼ੂਰ ਹੋ ਚੁੱਕੀ ਹੈ ਅਤੇ ਇਸ ਦੀ ਟੈਂਡਰ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ ਨਿਰਮਾਣ ਵਿਭਾਗ ਵਲੋਂ ਬਣਾਈ ਜਾਣ ਵਾਲੀ ਸੜਕ ਦੇ ਨਾਲ ਨਾਲ ਗੰਦਾ ਨਾਲਾ ਵੀ ਉਸਾਰਿਆ ਜਾਣਾ ਹੈ। ਫਿਰ ਅਜਿਹੇ ਵਿੱਚ ਪੰਚਾਇਤੀ ਫੰਡ ਖਪਾ ਕੇ ਨੁਕਸਾਨਦੇਹ ਪਾਈਪਾਂ ਪਾਉਣ ਦੀ ਕਾਹਲ ਕਿਉਂ ਕੀਤੀ ਗਈ। ਇਸ ਵਿੱਚ ਜਿੰਮੇਵਾਰ ਪੰਚ ਵੀ ਫੰਡਾਂ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋ ਸਕਦੇ ਹਨ। ਐਸਡੀਓ ਲੋਕ ਨਿਰਮਾਣ ਨੇ ਸਪੱਸ਼ਟ ਹਦਾਇਤ ਕੀਤੀ ਹੈ ਕਿ ਸੜਕਾਂ ਦੇ ਕਿਨਾਰਿਆਂ ਉੱਤੇ ਬਿਲਟ ਅੱਪ ਏਰੀਏ ਵਿੱਚ ਪੈਣ ਵਾਲੀਆਂ ਪਾਈਪਾਂ ਦੀ ਜਗ੍ਹਾ ਉੱਤੇ ਸਿਰਫ ਓਪਨ ਨਾਲੀਆਂ ਪਾਉਣ ਦੀ ਪ੍ਰਵੀਜਨ ਕੀਤੀ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਉਕਤ ਸੜਕ ਦੀ ਉਸਾਰੀ ਦੌਰਾਨ ਪੰਚਾਇਤ ਵਲੋਂ ਬਿਨ੍ਹਾਂ ਮਨਜ਼ੂਰੀ ਪਾਈਆਂ ਇਨ੍ਹਾ ਪਾਈਪਾਂ ਦਾ ਨੁਕਸਾਨ ਹੁੰਦਾ ਹੈ ਤਾਂ ਵਿਭਾਗ ਇਸ ਦਾ ਜਿੰਮੇਵਾਰ ਨਹੀਂ ਹੋਵੇਗਾ, ਭਾਵ ਇਸ ਨੁਕਸਾਨ ਦੀ ਜਿੰਮੇਵਾਰ ਪਿੰਡ ਦੀ ਪੰਚਾਇਤ ਹੋਵੇਗੀ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਡੀਪੀਓ ਮੁਕੇਰੀਆਂ ਸ੍ਰੀਮਤੀ ਸ਼ੁਕਲਾ ਦੇਵੀ ਨੇ ਉਨ੍ਹਾ ਨੂੰ ਲਿਖਤੀ ਪੱਤਰ ਰਾਹੀਂ ਸੂਚਿਤ ਕੀਤਾ ਹੈ ਕਿ ਪੰਚਾਇਤ ਵਲੋਂ ਪਾਈਪਾਂ ਪਾਉੁਣ ਦੇ ਕੰਮ ‘ਤੇ ਤੁਰੰਤ ਰੋਕ ਲਗਾਉਣ ਲਈ ਪੰਚਾਇਤ ਨੂੰ ਹਦਾਇਤ ਕਰ ਦਿੱਤੀ ਗਈ ਹੈ ਅਤੇ ਸ਼ਿਕਾਇਤ ਦਾ ਨਿਪਟਾਰਾ ਹੋਣ ਉਪਰੰਤ ਹੀ ਇਹ ਕੰਮ ਕੀਤਾ ਜਾਵੇਗਾ।
ਇਸ ਸਬੰਧੀ ਪੰਚਾਇਤੀ ਰਾਜ ਦੀ ਉੱਪ ਮੰਡੀ ਇੰਜੀਨੀਅਰ ਸ਼ਾਮਲੀ ਦੇਵੀ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਵਲੋਂ ਫੋਨ ਅਟੈਂਡ ਨਾ ਕਰਨ ਕਰਕੇ ਭੇਜੇ ਗਏ ਵਟਸਐਪ ਮੈਸੇਜ ਦੇ ਜਵਾਬ ਵਿੱਚ ਕਿਹਾ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਦਖਲ ਦੇ ਕੇ ਬਣਦੀਆਂ ਹਦਾਇਤਾਂ ਕਰਨਗੇ।