
ਨਵੀਂ ਦਿੱਲੀ, 15 ਜੂਨ, ਪੰਜਾਬੀ ਦੁਨੀਆ ਬਿਊਰੋ:
ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਟਿਕਾਣਿਆਂ ‘ਤੇ ਕੀਤੇ ਗਏ ਜ਼ਬਰਦਸਤ ਹਵਾਈ ਹਮਲਿਆਂ ਨੇ ਵਿਸ਼ਵ ਊਰਜਾ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਜੰਗ ਕਾਰਨ ਪੱਛਮੀ ਏਸ਼ੀਆ ਖੇਤਰ ਤੋਂ ਸਪਲਾਈ ਵਿਚ ਵਿਘਨ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼ਨੀਵਾਰ ਨੂੰ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਦੀ ਕੀਮਤ $6 ਤੋਂ ਜ਼ਿਆਦਾ ਵੱਧ ਕੇ ਪੰਜ ਮਹੀਨਿਆਂ ਦੇ ਉੱਚ ਪੱਧਰ $78 ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ।
ਹਾਲਾਂਕਿ ਭਾਰਤ ਈਰਾਨ ਤੋਂ ਸਿੱਧੇ ਤੌਰ ‘ਤੇ ਵੱਡੀ ਮਾਤਰਾ ਵਿੱਚ ਤੇਲ ਆਯਾਤ ਨਹੀਂ ਕਰਦਾ ਪਰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਭਾੜੇ ਦੀ ਲਾਗਤ ਵਿਚ ਵਾਧਾ, ਭਾਰਤ ‘ਚ ਤੇਲ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਨਾਲ ਹੀ ਦੋ ਪ੍ਰਮੁੱਖ ਪੱਛਮੀ ਏਸ਼ੀਆਈ ਸ਼ਕਤੀਆਂ – ਈਰਾਨ ਅਤੇ ਇਜ਼ਰਾਈਲ ਵਿਚਕਾਰ ਛਿੜੀ ਜੰਗ ਨੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਹੋਰ ਵਪਾਰਕ ਰੁਕਾਵਟਾਂ ਦੇ ਡਰ ਨੂੰ ਮੁੜ ਪੈਦਾ ਕਰ ਦਿੱਤਾ ਹੈ।
ਤਲ ਅਵੀਵ ‘ਤੇ ਈਰਾਨ ਦੇ ਹਵਾਈ ਹਮਲਿਆਂ ਨੇ ਸਿਰਫ ਤਣਾਅ ਵਿਚ ਹੋਰ ਵਾਧਾ ਕਰਨ ਦਾ ਕੰਮ ਕੀਤਾ ਹੈ। ਮਾਹਰਾਂ ਅਨੁਸਾਰ, ਗਲੋਬਲ ਤਣਾਅ ਵਿੱਚ ਇਹ ਵਾਧਾ ਨੇੜਲੇ ਸਮੇਂ ਵਿੱਚ ਅਸਥਿਰਤਾ ਵੱਲ ਲੈ ਜਾਵੇਗਾ। ਦਰਅਸਲ, ਵੋਲੇਟਿਲਿਟੀ ਇੰਡੈਕਸ ਜਾਂ VIX, ਸ਼ੁੱਕਰਵਾਰ ਨੂੰ ਵਪਾਰ ਵਿੱਚ ਲਗਭਗ 8% ਵਧਿਆ ਹੈ।