
ਨਵੀਂ ਦਿੱਲੀ, 30 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਉੱਤਰ ਪ੍ਰਦੇਸ਼ ਦੇ ਸੀਤਾਪੁਰ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਕੇਸ਼ ਰਾਠੌਰ ਨੂੰ ਪੁਲਿਸ ਵਲੋਂ ਵੀਰਵਾਰ ਨੂੰ ਬਲਾਤਕਾਰ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਰਾਠੌਰ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਿਹਾ ਸੀ ਤਾਂ ਕੋਤਵਾਲੀ ਨਗਰ ਪੁਲਿਸ ਨੇ ਉਸਦੀ ਰਿਹਾਇਸ਼ ਉਤੇ ਪਹੁੰਚ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਇਹ ਸਭ ਕੁਝ ਇਲਾਹਾਬਾਦ ਹਾਈ ਕੋਰਟ ਵਲੋਂ ਰਾਠੌਰ ਵੱਲੋਂ ਜ਼ਮਾਨਤ ਲਈ ਪਾਈ ਪਟੀਸ਼ਨ ਨੂੰ ਰੱਦ ਕਰਨ ਦੇ ਇਕ ਦਿਨ ਬਾਅਦ ਹੋਇਆ।
ਰਾਠੌਰ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ “ਹਾਈ ਕੋਰਟ ਨੇ ਮੈਨੂੰ ਹੇਠਲੀ ਅਦਾਲਤ ਅੱਗੇ ਪੇਸ਼ ਹੋਣ ਲਈ ਦੋ ਹਫ਼ਤਿਆਂ ਅਤੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨ ਦਾ ਸਮਾਂ ਦਿੱਤਾ ਸੀ। ਇਸ ਲਈ ਮੈਂ ਇਸ ਸੰਬੰਧ ਵਿਚ ਪੁਲਿਸ ਸਾਹਮਣੇ ਸਮਰਪਣ ਕਰ ਦਿੱਤਾ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੈਨੂੰ ਅਦਾਲਤ ਵਲੋਂ ਅਤੇ ਲੋਕਾਂ ਦੀ ਅਦਾਲਤ ਵਿਚ ਨਿਆਂ ਮਿਲੇਗਾ।
ਦੱਸਣਯੋਗ ਹੈ ਕਿ ਯੂਪੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ਉਤੇ 17 ਜਨਵਰੀ ਨੂੰ ਰਾਠੌਰ ਖਿਲਾਫ ਕੇਸ ਦਰਜ ਕੀਤਾ ਸੀ, ਜਿਸ ਵਿਚ ਔਰਤ ਦਾ ਦੋਸ਼ ਸੀ ਕਿ ਰਾਠੌਰ ਪਿਛਲੇ 4 ਸਾਲਾਂ ਤੋਂ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰ ਰਿਹਾ ਸੀ। ਸ਼ਿਕਾਇਤਕਰਤਾ ਔਰਤ ਵਲੋਂ ਪੁਲਿਸ ਨੂੰ ਆਪਣੀ ਕਾਲ ਰਿਕਾਰਡਿੰਗ ਵੀ ਸੌਂਪੀ ਗਈ ਹੈ।
ਇਸੇ ਸਬੰਧ ਵਿਚ ਪੀੜ੍ਹਤ ਔਰਤ ਦੇ ਪਤੀ ਵਲੋਂ 22 ਜਨਵਰੀ ਨੂੰ ਰਾਠੌਰ ਤੇ ਉਸਦੇ ਪੁੱਤਰ ਸਮੇਤ ਪੰਜ ਵਿਅਕਤੀਆਂ ਖਿਲਾਫ਼ ਡਰਾਉਣ-ਧਮਕਾਉਣ ਲਈ ਪੁਲਿਸ ਨੂੰ ਇਕ ਵੱਖਰੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦਾਅਵਾ ਕੀਤਾ ਕਿ ਰਾਠੌਰ ਦੇ ਸਾਥੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਉਸਦੀ ਪਤਨੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸੀਤਾਪੁਰ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।