
ਨਵੀਂ ਦਿੱਲੀ, 27 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ, ਜਿਸ ਵਿੱਚ 15 ਪ੍ਰਮੁੱਖ “ਕੇਜਰੀਵਾਲ ਕੀ ਗਰੰਟੀ” ਸ਼ਾਮਲ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ‘ਆਪ’ ਦੇ ਵਾਅਦੇ ਆਧਾਰਿਤ ਸ਼ਾਸਨ ਦੀ ਨਕਲ ਕਰਨ ਦਾ ਦੋਸ਼ ਲਗਾਉਂਦੇ ਹੋਏ ਭਾਜਪਾ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ “ਅਸੀਂ ਦੇਸ਼ ‘ਚ ਸਭ ਤੋਂ ਪਹਿਲਾਂ ‘ਗਾਰੰਟੀ’ ਸ਼ਬਦ ਘੜਿਆ, ਸਾਡੇ ਤੋਂ ਬਾਅਦ ਭਾਜਪਾ ਨੇ ਇਸ ਨੂੰ ਚੋਰੀ ਕੀਤਾ, ਪਰ ਫਰਕ ਇਹ ਹੈ ਕਿ ਅਸੀਂ ਸਾਡੀਆਂ ਗਰੰਟੀਆਂ ਨੂੰ ਪੂਰਾ ਕੀਤਾ, ਅਤੇ ਉਹ ਨਹੀਂ ਕਰਦੇ।”
ਕੇਜਰੀਵਾਲ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਤਿਸ਼ੀ ਅਤੇ ਪਾਰਟੀ ਨੇਤਾ ਸੰਜੈ ਸਿੰਘ ਅਤੇ ਮਨੀਸ਼ ਸਿਸੋਦੀਆ ਵੀ ਹਾਜ਼ਰ ਸਨ। ਕੁਝ ਪ੍ਰਮੁੱਖ ਗਾਰੰਟੀਆਂ ਵਿੱਚ ਹੇਠ ਲਿਖੀਆਂ ਸ਼ਾਮਲ ਹਨ:
1. ਵਿਦਿਆਰਥੀਆਂ ਲਈ ਮੁਫਤ ਬੱਸ ਯਾਤਰਾ: ‘ਆਪ’ ਨੇ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ‘ਤੇ ਵਿਦਿਆਰਥੀਆਂ ਲਈ ਮੁਫਤ ਬੱਸ ਯਾਤਰਾ ਅਤੇ ਮੈਟਰੋ ਦੇ ਕਿਰਾਏ ‘ਤੇ 50 ਫੀਸਦੀ ਛੋਟ ਦੇਣ ਦਾ ਵਾਅਦਾ ਕੀਤਾ।
2. ਰੁਜ਼ਗਾਰ ਅਤੇ ਔਰਤਾਂ ਦੀ ਭਲਾਈ: ਕੇਜਰੀਵਾਲ ਨੇ ਨੌਜਵਾਨਾਂ ਲਈ ਨੌਕਰੀਆਂ ਦੇ ਮੌਕਿਆਂ ਦੀ ਗਾਰੰਟੀ ਅਤੇ ‘ਆਪ’ ਦੇ ਸੱਤਾ ਵਿੱਚ ਆਉਣ ‘ਤੇ ਔਰਤਾਂ ਨੂੰ ਸਮਰਥਨ ਦੇਣ ਲਈ ‘ਮਹਿਲਾ ਸਨਮਾਨ ਯੋਜਨਾ’ ਦਾ ਐਲਾਨ ਕੀਤਾ ਹੈ।
3. ਬਜ਼ੁਰਗਾਂ ਲਈ ਮੁਫ਼ਤ ਸਿਹਤ ਸੰਭਾਲ: ‘ਆਪ’ ਨੇ ਬਜ਼ੁਰਗ ਨਾਗਰਿਕਾਂ ਲਈ ਮੁਫ਼ਤ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦੀ ਗੱਲ ਆਖੀ ਹੈ।
4. ਔਰਤਾਂ ਲਈ ਮਹੀਨਾਵਾਰ ਭੱਤਾ: AAP ਔਰਤਾਂ ਲਈ 2,100 ਰੁਪਏ ਮਾਸਿਕ ਭੱਤਾ ਦੇਣ ਦਾ ਵਾਅਦਾ ਕੀਤਾ ਹੈ, ਇਸ ਨੂੰ “ਕੇਜਰੀਵਾਲ ਕੀ ਗਰੰਟੀ” ਵਜੋਂ ਦਰਸਾਇਆ ਹੈ।
5. ਪੀਣ ਵਾਲਾ ਸਾਫ਼ ਪਾਣੀ: ‘ਆਪ’ ਅਗਲੇ ਪੰਜ ਸਾਲਾਂ ਦੇ ਅੰਦਰ ਪੀਣ ਵਾਲੇ ਸਾਫ਼ ਪਾਣੀ, ਯਮੁਨਾ ਨੂੰ ਸਾਫ਼ ਕਰਨ ਅਤੇ ਬਿਹਤਰ ਸੜਕਾਂ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਹੈ।
ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਆਗਾਮੀ 5 ਫਰਵਰੀ 2025 ਨੂੰ ਇੱਕੋ ਪੜਾਅ ਵਿੱਚ ਪੈਣਗੀਆਂ ਜਦਕਿ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। ਦਿੱਲੀ ਦੀਆਂ 70 ਵਿਧਾਨ ਸਭਾ ਹਲਕਿਆਂ ਲਈ 699 ਉਮੀਦਵਾਰ ਚੋਣ ਮੈਦਾਨ ਵਿੱਚ ਹਨ।