
ਨਵੀਂ ਦਿੱਲੀ, 17 ਦਸੰਬਰ, ਪੰਜਾਬੀ ਦੁਨੀਆ ਬਿਊਰੋ:
ਅੱਜ ਲੋਕ ਸਭਾ ਵਿੱਚ ਕੇਂਦਰ ਸਰਕਾਰ ‘ਇਕ ਦੇਸ਼-ਇਕ ਚੋਣ’ ਬਿੱਲ ਪੇਸ਼ ਕਰੇਗੀ। ਇਸ ਦੌਰਾਨ ਭਾਜਪਾ ਨੇ ਆਪਣੇ ਸਾਰੇ ਲੋਕ ਸਭਾ ਸੰਸਦ ਮੈਂਬਰਾਂ ਲਈ ਤਿੰਨ ਲਾਈਨਾਂ ਵਾਲਾ ਵ੍ਹਿਪ ਵੀ ਜਾਰੀ ਕੀਤਾ ਹੈ ਅਤੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਲਾਜ਼ਮੀ ਤੌਰ ‘ਤੇ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵ੍ਹਿਪ ਭਾਜਪਾ ਵੱਲੋਂ ‘ਇਕ ਦੇਸ਼-ਇਕ ਚੋਣ’ ਬਿੱਲ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ।
ਲੋਕ ਸਭਾ ‘ਚ ਸੋਧੇ ਏਜੰਡੇ ਦੇ ਸਾਹਮਣੇ ਆਉਣ ਤੋਂ ਬਾਅਦ ਬਿੱਲ ਸਬੰਧੀ ਤਸਵੀਰ ਸਪੱਸ਼ਟ ਹੋ ਗਈ ਹੈ। ਇਸ ਤੋਂ ਪਹਿਲਾਂ ਬਿੱਲ ਨੂੰ ਪਿਛਲੇ ਸ਼ੁੱਕਰਵਾਰ ਲੋਕ ਸਭਾ ਦੀ ਕਾਰੋਬਾਰੀ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ ਅਤੇ ਬਿੱਲ ਦੀ ਕਾਪੀ ਸਾਰੇ ਸੰਸਦ ਮੈਂਬਰਾਂ ਨੂੰ ਵੰਡ ਦਿੱਤੀ ਗਈ ਸੀ। ਬਾਅਦ ‘ਚ ਇਸ ਬਿੱਲ ਨੂੰ ਲੋਕ ਸਭਾ ਦੀ ਸੋਧੀ ਹੋਈ ਕਾਰੋਬਾਰੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਭਲਕੇ ਹੀ ਜੇਪੀਸੀ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਭਾਜਪਾ-ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਬਿੱਲ ਨੂੰ ਇਸ ਦੀ ਪੇਸ਼ਕਾਰੀ ਤੇ ਵਿਸਤ੍ਰਿਤ ਚਰਚਾ ਅਤੇ ਸਹਿਮਤੀ ਲਈ ਜੇਪੀਸੀ ਕੋਲ ਭੇਜਿਆ ਜਾ ਸਕਦਾ ਹੈ।