
ਨਵੀਂ ਦਿੱਲੀ, 13 ਦਸੰਬਰ, ਪੰਜਾਬੀ ਦੁਨੀਆ ਬਿਊਰੋ :
ਇੱਕ ਵਾਰ ਫਿਰ ਦਿੱਲੀ ਵਿੱਚ ਕੁਝ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹਨਾਂ ਪ੍ਰਾਈਵੇਟ ਸਕੂਲਾਂ ਵਿਚ ਡੀ.ਪੀ.ਐਸ., ਮਾਡਰਨ ਸਕੂਲ, ਕੈਂਬਰਿਜ ਸਕੂਲ, ਸਲਵਾਨ ਪਬਲਿਕ ਸਕੂਲ ਸ਼ਾਮਲ ਹਨ। ਇਨ੍ਹਾਂ ਸਕੂਲਾਂ ਨੂੰ ਸ਼ੁੱਕਰਵਾਰ ਰਾਤ 12:54 ਵਜੇ ਬੰਬ ਦੀ ਧਮਕੀ ਮਿਲੀ ਸੀ। ਧਮਕੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪੁੱਜ ਗਈ ਅਤੇ ਨਾਲ ਹੀ ਫਾਇਰ ਬ੍ਰਿਗੇਡ ਵੀ ਹਾਜ਼ਰ ਹੈ। ਇਸ ਦੌਰਾਨ ਪੁਲਿਸ ਵੱਲੋਂ ਇਹਨਾਂ ਸਕੂਲਾਂ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਪੁਲਿਸ ਜਾਂਚ ਵਿਚ ਜੁਟ ਗਈ ਹੈ।
ਈਮੇਲ ਵਿੱਚ ਕਿਹਾ ਗਿਆ ਹੈ ਕਿ ਬੰਬ ਇਮਾਰਤਾਂ ਨੂੰ ਤਬਾਹ ਕਰਨ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਾਫ਼ੀ ਸ਼ਕਤੀਸ਼ਾਲੀ ਹਨ। ਅੱਜ ਤੋਂ ਲੈ ਕੇ 14 ਦਸੰਬਰ ਤੱਕ ਭਾਵ ਭਲਕੇ ਦੋਵੇਂ ਦਿਨ ਸੰਭਾਵਿਤ ਮਾਪੇ-ਅਧਿਆਪਕ ਮੀਟਿੰਗ ਹੋਣ ਜਾ ਰਹੀ ਹੈ। ਸਾਡੀਆਂ ਈਮੇਲਾਂ ਦਾ ਜਵਾਬ ਦਿਓ ਅਤੇ ਸਾਡੀਆਂ ਮੰਗਾਂ ਲਈ ਸਹਿਮਤ ਹੋਵੋ, ਨਹੀਂ ਤਾਂ ਬੰਬ ਬਲਾਸਟ ਹੋ ਜਾਵੇਗਾ।
ਦੱਸਣਯੋਗ ਹੈ ਕਿ 4 ਕੁ ਦਿਨ ਪਹਿਲਾਂ ਵੀ ਰਾਜਧਾਨੀ ਦਿੱਲੀ ਦੇ 40 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ। ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਤੁਰੰਤ ਸਾਵਧਾਨੀ ਵਰਤਦਿਆਂ ਬੱਚਿਆਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜ ਦਿੱਤਾ ਸੀ।