
ਨਵੀਂ ਦਿੱਲੀ, 26 ਅਗਸਤ, ਪੰਜਾਬੀ ਦੁਨੀਆ ਬਿਊਰੋ:
ਗ੍ਰਹਿ ਮੰਤਰਾਲੇ ਨੇ ਵਿਕਸਿਤ ਅਤੇ ਖੁਸ਼ਹਾਲ ਲੱਦਾਖ ਬਣਾਉਣ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਇਸ ਫੈਸਲੇ ਨਾਲ ਪੰਜ ਨਵੇਂ ਜ਼ਿਲਿਆਂ- ਜ਼ਾਂਸਕਰ, ਦਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ ‘ਚ ਪ੍ਰਸ਼ਾਸਨ ਨੂੰ ਮਜ਼ਬੂਤੀ ਮਿਲਣ ਨਾਲ ਸਥਾਨਕ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲੇਗਾ। ਇਨ੍ਹਾਂ ਪੰਜ ਜ਼ਿਲ੍ਹਿਆਂ ਦੇ ਬਣਨ ਤੋਂ ਬਾਅਦ, ਹੁਣ ਲੱਦਾਖ ਵਿੱਚ ਲੇਹ ਅਤੇ ਕਾਰਗਿਲ ਨੂੰ ਮਿਲਾ ਕੇ ਕੁੱਲ ਸੱਤ ਜ਼ਿਲ੍ਹੇ ਹੋ ਜਾਣਗੇ।
ਲੱਦਾਖ ਖੇਤਰ ਦੇ ਲਿਹਾਜ਼ ਨਾਲ ਇੱਕ ਬਹੁਤ ਵੱਡਾ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਇਸ ਸਮੇਂ ਲੱਦਾਖ ਵਿੱਚ ਦੋ ਜ਼ਿਲ੍ਹੇ ਹਨ- ਲੇਹ ਅਤੇ ਕਾਰਗਿਲ। ਇਹ ਭਾਰਤ ਦੇ ਸਭ ਤੋਂ ਘੱਟ ਆਬਾਦੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਅਤਿਅੰਤ ਔਖੀ ਅਤੇ ਪਹੁੰਚ ਤੋਂ ਬਾਹਰ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੇਲੇ ਜ਼ਮੀਨੀ ਪੱਧਰ ’ਤੇ ਪਹੁੰਚ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਜ਼ਿਲ੍ਹਿਆਂ ਦੇ ਬਣਨ ਤੋਂ ਬਾਅਦ ਹੁਣ ਕੇਂਦਰ ਸਰਕਾਰ ਅਤੇ ਲੱਦਾਖ ਪ੍ਰਸ਼ਾਸਨ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਸਕਣਗੀਆਂ ਅਤੇ ਵੱਧ ਤੋਂ ਵੱਧ ਲੋਕ ਇਨ੍ਹਾਂ ਦਾ ਲਾਭ ਲੈ ਸਕਣਗੇ। ਗ੍ਰਹਿ ਮੰਤਰਾਲੇ ਦਾ ਇਹ ਅਹਿਮ ਫੈਸਲਾ ਲੱਦਾਖ ਦੇ ਸਰਬਪੱਖੀ ਵਿਕਾਸ ਲਈ ਬੇਹੱਦ ਲਾਭਦਾਇਕ ਸਿੱਧ ਹੋਵੇਗਾ।
ਪੰਜ ਨਵੇਂ ਜ਼ਿਲ੍ਹਿਆਂ ਦੇ ਗਠਨ ਨੂੰ ਸਿਧਾਂਤਕ ਪ੍ਰਵਾਨਗੀ ਦੇਣ ਦੇ ਨਾਲ-ਨਾਲ ਗ੍ਰਹਿ ਮੰਤਰਾਲੇ ਨੇ ਲੱਦਾਖ ਪ੍ਰਸ਼ਾਸਨ ਨੂੰ ਵੱਖ-ਵੱਖ ਜ਼ਿਲ੍ਹਿਆਂ ਬਾਰੇ ਜਾਣਕਾਰੀ ਦਿੱਤੀ ਹੈ। ਨਵੇਂ ਜ਼ਿਲ੍ਹਿਆਂ ਦੇ ਗਠਨ ਨਾਲ ਸਬੰਧਤ ਪਹਿਲੂਆਂ ਜਿਵੇਂ ਕਿ ਹੈੱਡਕੁਆਰਟਰ, ਸੀਮਾਵਾਂ ਦਾ ਮੁਲਾਂਕਣ ਕਰਨ, ਅਸਾਮੀਆਂ ਦੀ ਸਿਰਜਣਾ, ਜ਼ਿਲ੍ਹਾ ਗਠਨ ਆਦਿ ਨਾਲ ਸਬੰਧਤ ਕਿਸੇ ਵੀ ਹੋਰ ਪਹਿਲੂ ਦਾ ਮੁਲਾਂਕਣ ਕਰਨ ਅਤੇ ਆਪਣੀ ਰਿਪੋਰਟ ਤਿੰਨ ਮਹੀਨਿਆਂ ਵਿੱਚ ਸੌਂਪਣ ਲਈ ਕਿਹਾ ਗਿਆ ਹੈ। ਉਕਤ ਕਮੇਟੀ ਦੀ ਰਿਪੋਰਟ ਮਿਲਣ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਇਸ ਰਿਪੋਰਟ ਦੇ ਆਧਾਰ ‘ਤੇ ਨਵੇਂ ਜ਼ਿਲ੍ਹਿਆਂ ਦੀ ਸਿਰਜਣਾ ਸਬੰਧੀ ਅੰਤਿਮ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਅਗਲੇਰੀ ਕਾਰਵਾਈ ਲਈ ਭੇਜੇਗਾ। ਕੇਂਦਰ ਸਰਕਾਰ ਲੱਦਾਖ ਦੇ ਲੋਕਾਂ ਲਈ ਬੇਅੰਤ ਮੌਕੇ ਪੈਦਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।