
ਨਵੀਂ ਦਿੱਲੀ, 18 ਅਗਸਤ, ਪੰਜਾਬੀ ਦੁਨੀਆ ਬਿਊਰੋ:
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਇੱਕ 34 ਸਾਲਾ ਨਿਊਰੋਸਰਜਨ ਨੂੰ ਸ਼ੱਕੀ ਮਾਮਲੇ ਵਿੱਚ ਐਤਵਾਰ ਨੂੰ ਉਸਦੇ ਦੱਖਣੀ ਦਿੱਲੀ ਸਥਿਤ ਘਰ ਵਿੱਚ ਮ੍ਰਿਤਕ ਪਾਇਆ ਗਿਆ। ਇਸ ਨੂੰ ਆਤਮ ਹੱਤਿਆ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਮ੍ਰਿਤਕ ਡਾਕਟਰ ਦੀ ਪਛਾਣ ਗੁਜਰਾਤ ਦੇ ਰਾਜਕੋਟ ਵਾਸੀ ਰਾਜ ਘੋਨੀਆ ਵਜੋਂ ਹੋਈ ਹੈ, ਜਿਸ ਦੀ ਕਥਿਤ ਤੌਰ ‘ਤੇ ਸ਼ੱਕੀ ਹਾਲਾਤਾਂ ਵਿੱਚ ਓਵਰਡੋਜ਼ ਕਾਰਨ ਮੌਤ ਹੋ ਗਈ, ਕਿਉਂਕਿ ਗੌਤਮ ਨਗਰ ਖੇਤਰ ਵਿੱਚ ਉਸਦੇ ਘਰ ਤੋਂ ਦਵਾਈਆਂ ਅਤੇ ਸਰਿੰਜਾਂ ਦੀਆਂ ਵਰਤੀਆਂ ਗਈਆਂ ਸ਼ੀਸ਼ੀਆਂ ਬਰਾਮਦ ਹੋਈਆਂ ਸਨ।ਘਟਨਾ ਸਥਾਨ ‘ਤੇ ਇਕ ਸੁਸਾਈਡ ਨੋਟ ਬਰਾਮਦ ਕੀਤਾ ਗਿਆ ਸੀ, ਪਰ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਘੋਨੀਆ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ।
ਸੂਤਰਾਂ ਮੁਤਾਬਕ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਦੁਪਹਿਰ ਕਰੀਬ 2 ਵਜੇ, ਗੌਤਮ ਨਗਰ ਖੇਤਰ ਵਿੱਚ ਇੱਕ ਡਾਕਟਰ ਦੀ ਖੁਦਕੁਸ਼ੀ ਬਾਰੇ ਹੌਜ਼ ਖਾਸ ਪੁਲਿਸ ਸਟੇਸ਼ਨ ਵਿੱਚ ਇੱਕ ਪੀਸੀਆਰ ਕਾਲ ਪ੍ਰਾਪਤ ਹੋਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਘੋਨੀਆ ਨੂੰ ਬੇਹੋਸ਼ੀ ਦੀ ਹਾਲਤ ‘ਚ ਪਾਇਆ। ਉਸ ਨੂੰ ਤੁਰੰਤ ਏਮਜ਼ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।