
ਕੋਲਕਾਤਾ, 8 ਅਗਸਤ, ਪੰਜਾਬੀ ਦੁਨੀਆ ਬਿਊਰੋ :
ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਦਾ ਅੱਜ ਦੇਹਾਂਤ ਹੋ ਗਿਆ। ਸਾਬਕਾ ਮੁੱਖ ਮੰਤਰੀ ਨੇ 80 ਸਾਲ ਦੀ ਉਮਰ ਵਿੱਚ ਕੋਲਕਾਤਾ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਸੀਪੀਆਈ (ਐਮ) ਦੇ ਸੂਬਾ ਸਕੱਤਰ ਮੁਹੰਮਦ ਸਲੀਮ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਆਪਣੇ ਪਿੱਛੇ ਪਤਨੀ ਮੀਰਾ ਅਤੇ ਬੇਟੀ ਸੁਚੇਤਨਾ ਛੱਡ ਗਏ ਹਨ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਦਮ ਭੂਸ਼ਣ ਪੁਰਸਕਾਰ ਲੈਣ ਤੋਂ ਇਨਕਾਰ ਕਰਨ ਵਾਲੇ ਬੁੱਧਦੇਵ ਭੱਟਾਚਾਰੀਆ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਬੁੱਧਦੇਵ ਭੱਟਾਚਾਰੀਆ ਸਾਹ ਲੈਣ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ ਕਈ ਵਾਰ ਹਸਪਤਾਲ ਵਿਚ ਦਾਖਲ ਹੋਣਾ ਪਿਆ। ਪਿਛਲੇ ਸਾਲ ਵੀ ਉਹ ਨਿਮੋਨੀਆ ਤੋਂ ਪੀੜਤ ਸਨ ਪਰ ਲਾਈਫ ਸਪੋਰਟ ‘ਤੇ ਰਹਿਣ ਤੋਂ ਬਾਅਦ ਉਹ ਠੀਕ ਹੋ ਗਏ ਸੀ।
ਦੱਸਣਯੋਗ ਹੈ ਕਿ ਬੁੱਧਦੇਵ ਭੱਟਾਚਾਰੀਆ ਸੀਪੀਆਈ (ਐਮ) ਸਰਕਾਰ ਵਿੱਚ 2000 ਤੋਂ 2011 ਤੱਕ 11 ਸਾਲ ਬੰਗਾਲ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹੇ। ਬੁੱਧਦੇਵ ਪੱਛਮੀ ਬੰਗਾਲ ਦੀ ਉਦਯੋਗਿਕ ਕ੍ਰਾਂਤੀ ਲਈ ਜਾਣੇ ਜਾਂਦੇ ਹਨ।