ਨਵੀਂ ਦਿੱਲੀ, 31 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਜੀਵਨ ਅਤੇ ਮੈਡੀਕਲ ਬੀਮੇ ‘ਤੇ ਜੀਐਸਟੀ ਨੂੰ ਹਟਾਉਣ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਹ ਪੱਤਰ ਨਾਗਪੁਰ ਡਿਵੀਜ਼ਨਲ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਇੰਪਲਾਈਜ਼ ਯੂਨੀਅਨ ਦੇ ਜੀਵਨ ਅਤੇ ਜਨਰਲ ਬੀਮਾ ਖੇਤਰਾਂ ਬਾਰੇ ਸੁਝਾਵਾਂ ਦੇ ਆਧਾਰ ਉਤੇ ਦਿੱਤਾ ਗਿਆ ਹੈ।
ਸ੍ਰੀ ਗਡਕਰੀ ਨੇ ਕਿਹਾ ਕਿ ਜੀਵਨ ਬੀਮਾ ਪ੍ਰੀਮੀਅਮਾਂ ‘ਤੇ GST ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਜੀਵਨ ਬੀਮਾ ‘ਤੇ ਟੈਕਸ ਲਗਾਉਣਾ ਜੀਵਨ ਦੀਆਂ ਅਨਿਸ਼ਚਿਤਤਾਵਾਂ ‘ਤੇ ਟੈਕਸ ਲਗਾਉਣ ਦੇ ਸਮਾਨ ਹੈ। ਉਹਨਾਂ ਇਹ ਵੀ ਕਿਹਾ ਕਿ ਮੈਡੀਕਲ ਬੀਮੇ ‘ਤੇ ਟੈਕਸ ਲਗਾਉਣਾ ਇਸ ਸਮਾਜਿਕ ਤੌਰ ‘ਤੇ ਮਹੱਤਵਪੂਰਨ ਸੈਕਟਰ ਦੇ ਵਿਕਾਸ ਵਿਚ ਰੁਕਾਵਟ ਬਣ ਰਿਹਾ ਹੈ।ਇਸ ਸਮੇਂ ਪਾਲਿਸੀਧਾਰਕਾਂ ਨੂੰ ਹਰ ਕਿਸਮ ਦੀਆਂ ਜੀਵਨ ਅਤੇ ਮੈਡੀਕਲ ਬੀਮਾ ਪਾਲਿਸੀਆਂ ਲਈ ਭੁਗਤਾਨ ਕੀਤੇ ਪ੍ਰੀਮੀਅਮ ਉਤੇ 18% ਜੀਐਸਟੀ ਦਰ ਨਾਲ ਭੁਗਤਾਨ ਕਰਨਾ ਪੈਂਦਾ ਹੈ, ਜਦਕਿ ਜੀਵਨ, ਜਨਰਲ ਅਤੇ ਸਿਹਤ ਬੀਮਾ ਉਦਯੋਗ, ਜੀਵਨ ਅਤੇ ਮੈਡੀਕਲ ਬੀਮਾ
ਪ੍ਰੀਮੀਅਮ ਉਤੇ ਜੀਐਸਟੀ ਨੂੰ 12% ਤੱਕ ਘਟਾਉਣ ਦੀ ਵਕਾਲਤ ਕਰ ਰਹੇ ਹਨ। ਇਥੇ ਹੀ ਬਸ ਨਹੀਂ ਸਗੋਂ ਨਿਤਿਨ ਗਡਕਰੀ ਨੇ ਜੀਵਨ ਤੇ ਮੈਡੀਕਲ ਬੀਮੇ ਉਪਰ ਜੀਐਸਟੀ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਮੰਗ ਵੀ ਉਠਾਉਣ ਦੀ ਗੱਲ ਵੀ ਕਹਿ ਦਿੱਤੀ ਹੈ।
ਸ੍ਰੀ ਨਿਤਿਨ ਗਡਕਰੀ ਨੇ ਕੇਂਦਰੀ ਵਿੱਤ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਜੀਵਨ ਬੀਮੇ ਰਾਹੀਂ ਬੱਚਤਾਂ ਦੇ ਵੱਖ-ਵੱਖ ਇਲਾਜ, ਸਿਹਤ ਬੀਮਾ ਪ੍ਰੀਮੀਅਮਾਂ ਲਈ ਇਨਕਮ ਟੈਕਸ ਦੀ ਮੁੜ ਸ਼ੁਰੂਆਤ ਅਤੇ ਜਨਤਕ ਖੇਤਰ ਦੀਆਂ ਜਨਰਲ ਬੀਮਾ ਕੰਪਨੀਆਂ ਦੇ ਮਰਜ਼ਰ ਬਾਰੇ ਵੀ ਚਿੰਤਾਵਾਂ ਪ੍ਰਗਟ ਕੀਤੀਆਂ ਹਨ।