
ਨਵੀਂ ਦਿੱਲੀ, 10 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮੰਗਲਵਾਰ ਨੂੰ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ। 42 ਸਾਲਾ ਗੰਭੀਰ ਨੇ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ ਸੀ। ਗੰਭੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ।
ਗੰਭੀਰ ਨੇ ਡੇਢ ਮਹੀਨੇ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ-2024 ਦਾ ਚੈਂਪੀਅਨ ਬਣਾਇਆ ਸੀ। ਉਹ ਇਸ ਸਾਲ ਕੋਲਕਾਤਾ ਫਰੈਂਚਾਇਜ਼ੀ ਦਾ ਮੈਂਟਰ ਬਣਿਆ। ਇੰਨਾ ਹੀ ਨਹੀਂ, ਗੰਭੀਰ ਨੇ ਆਪਣੀ ਮੈਂਟਰਸ਼ਿਪ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਲਗਾਤਾਰ 2 ਸੀਜ਼ਨਾਂ ਵਿੱਚ ਪਲੇਆਫ ਵਿੱਚ ਪਹੁੰਚਾਇਆ ਸੀ।
ਗੰਭੀਰ ਕੋਲ ਅੰਤਰਰਾਸ਼ਟਰੀ ਜਾਂ ਘਰੇਲੂ ਪੱਧਰ ‘ਤੇ ਕੋਚਿੰਗ ਦਾ ਕੋਈ ਤਜਰਬਾ ਨਹੀਂ ਹੈ, ਉਹ 2 ਆਈਪੀਐਲ ਫਰੈਂਚਾਇਜ਼ੀਜ਼ ਵਿੱਚ ਕੋਚਿੰਗ ਸਟਾਫ ਦੇ ਇੰਚਾਰਜ ਰਹੇ ਹਨ। ਉਹ ਆਈਪੀਐਲ 2022 ਅਤੇ 2023 ਵਿੱਚ ਲਖਨਊ ਸੁਪਰ ਜਾਇੰਟਸ ਦਾ ਮੈਂਟਰ ਸੀ, ਜਦੋਂ ਕਿ ਉਹ 2024 ਸੀਜ਼ਨ ਵਿੱਚ ਕੇਕੇਆਰ ਵਿੱਚ ਸ਼ਾਮਲ ਹੋਇਆ ਸੀ। ਗੰਭੀਰ ਨੇ ਕੇਕੇਆਰ ਨੂੰ ਇਸ ਸੀਜ਼ਨ ਵਿੱਚ ਚੈਂਪੀਅਨ ਵੀ ਬਣਾਇਆ ਸੀ।
ਗੰਭੀਰ ਨੇ 2007 ‘ਚ ਬਤੌਰ ਖਿਡਾਰੀ ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ਅਤੇ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਦਾ ਹਿੱਸਾ ਸੀ। ਉਸਨੇ 2011 ਤੋਂ 2017 ਤੱਕ ਸੱਤ ਆਈਪੀਐਲ ਸੀਜ਼ਨਾਂ ਲਈ ਕੇਕੇਆਰ ਦੀ ਕਪਤਾਨੀ ਕੀਤੀ, ਅਤੇ ਉਹ ਪੰਜ ਵਾਰ ਪਲੇਆਫ ਲਈ ਵੀ ਕੁਆਲੀਫਾਈ ਕੀਤਾ। ਬਤੌਰ ਕਪਤਾਨ ਉਸ ਨੇ 2012 ਅਤੇ 2014 ਵਿੱਚ ਦੋ ਖਿਤਾਬ ਜਿੱਤੇ ਸਨ।