
ਦੁਕਾਨਦਾਰ ਪਿਓ-ਪੁੱਤ ਦੀ ਜੌਹਰੀ ਜੋੜੀ ਫਰਾਰ
ਜੈਪੁਰ, 12 ਜੂਨ, ਪੰਜਾਬੀ ਦੁਨੀਆ ਬਿਊਰੋ:
ਜੈਪੁਰ ਪੁਲਿਸ ਨੇ ਇੱਕ ਅਮਰੀਕੀ ਔਰਤ ਵੱਲੋਂ 300 ਰੁਪਏ ਦੇ ਨਕਲੀ ਗਹਿਣੇ ਖਰੀਦਣ ਲਈ 6 ਕਰੋੜ ਰੁਪਏ ਵਿੱਚ ਧੋਖਾਧੜੀ ਕਰਨ ਦੀ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਇੱਕ ਪਿਓ-ਪੁੱਤ ਦੀ ਜੌਹਰੀ ਜੋੜੀ ਵਿਰੁੱਧ ਕੇਸ ਦਰਜ ਕੀਤਾ ਹੈ। ਜੈਪੁਰ ਵਿੱਚ ਇੱਕ ਜੌਹਰੀ ਪਿਓ-ਪੁੱਤ ਦੀ ਜੋੜੀ ਨੇ ਇੱਕ ਅਮਰੀਕੀ ਔਰਤ ਨੂੰ 6 ਕਰੋੜ ਰੁਪਏ ਵਿੱਚ 300 ਰੁਪਏ ਦੇ ਨਕਲੀ ਗਹਿਣੇ ਕਥਿਤ ਤੌਰ ‘ਤੇ ਵੇਚਣ ਦਾ ਧੋਖਾ ਦਿੱਤਾ ਹੈ। ਘਟਨਾ ਤੋਂ ਬਾਅਦ ਦੋਸ਼ੀ ਦੁਕਾਨਦਾਰ ਅਤੇ ਉਸ ਦਾ ਲੜਕਾ ਫਰਾਰ ਹਨ, ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਮੁਤਾਬਕ ਅਮਰੀਕੀ ਨਾਗਰਿਕ ਚੈਰਿਸ਼ ਨੇ ਦੱਸਿਆ ਕਿ ਉਸ ਨੇ ਜੈਪੁਰ ਦੇ ਮਾਣਕ ਚੌਕ ਥਾਣਾ ਖੇਤਰ ਦੇ ਜੌਹਰੀ ਬਾਜ਼ਾਰ ਸਥਿਤ ਇਕ ਦੁਕਾਨ ਤੋਂ 6 ਕਰੋੜ ਰੁਪਏ ‘ਚ ਗਹਿਣਿਆਂ ਦੀ ਖਰੀਦ ਕੀਤੀ ਸੀ। ਖਰੀਦਦਾਰੀ ਸਮੇਂ, ਵਿਕਰੇਤਾ ਨੇ ਔਰਤ ਨੂੰ ਇੱਕ ਹਾਲਮਾਰਕ ਸਰਟੀਫਿਕੇਟ ਵੀ ਪ੍ਰਦਾਨ ਕੀਤਾ, ਜੋ ਗਹਿਣਿਆਂ ਦੀ ਸ਼ੁੱਧਤਾ ਨੂੰ ਦਰਸਾਉਂਦਾ ਸੀ। ਔਰਤ ਨੇ ਦੱਸਿਆ ਕਿ ਗਹਿਣੇ ਖਰੀਦਣ ਤੋਂ ਬਾਅਦ ਉਹ ਅਮਰੀਕਾ ਵਾਪਸ ਚਲੇ ਗਈ। ਅਪਰੈਲ ਵਿੱਚ ਜਦੋਂ ਉੱਥੇ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਤਾਂ ਉਸ ਨੇ ਉੱਥੇ ਖਰੀਦੇ ਗਹਿਣੇ ਦਿਖਾਏ। ਉਥੋਂ ਪਤਾ ਲੱਗਾ ਕਿ ਇਹ ਫਰਜ਼ੀ ਸਨ। ਜਦੋਂ ਉਸ ਨੇ ਭਾਰਤ ਵਾਪਸ ਆ ਕੇ ਦੁਕਾਨ ਦੇ ਮਾਲਕ ਰਾਜਿੰਦਰ ਸੋਨੀ ਅਤੇ ਉਸ ਦੇ ਪੁੱਤਰ ਗੌਰਵ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਗਹਿਣੇ ਨਕਲੀ ਹੋਣ ਤੋਂ ਇਨਕਾਰ ਕਰਦਿਆਂ ਔਰਤ ਦੀ ਗੱਲ ਸੁਣਨ ਤੋਂ ਪਾਸਾ ਵੱਟਿਆ। ਇਸ ਤੋਂ ਬਾਅਦ ਚੈਰਿਸ਼ ਨੇ 18 ਮਈ ਨੂੰ ਮਾਣਕ ਚੌਕ ਥਾਣੇ ‘ਚ ਦੁਕਾਨ ਮਾਲਕਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ। ਜਦਕਿ ਦੁਕਾਨ ਮਾਲਕਾਂ ਨੇ ਚੈਰਿਸ਼ ‘ਤੇ ਦੁਕਾਨ ਬਾਰੇ ਝੂਠੀ ਖਬਰ ਫੈਲਾਉਣ ਅਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਦਾ ਮਾਮਲਾ ਵੀ ਦਰਜ ਕਰਵਾਇਆ।
ਆਖਰ ਚੈਰਿਸ਼ ਨੇ ਅਮਰੀਕੀ ਦੂਤਾਵਾਸ ਨੂੰ ਇਸ ਘਟਨਾ ਸਬੰਧੀ ਮੱਦਦ ਲਈ ਅਪੀਲ ਕੀਤੀ ਅਤੇ ਉਨ੍ਹਾਂ ਦੇ ਦਖਲ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ‘ਚ ਦੁਕਾਨਦਾਰਾਂ ਦੀ ਧੋਖਾਧੜੀ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਜੌਹਰੀ ਪਿਓ-ਪੁੱਤ ਫਰਾਰ ਹੋ ਗਏ। ਗਹਿਣਿਆਂ ਦੀ ਪ੍ਰਮਾਣਿਕਤਾ ਦਾ ਜਾਅਲੀ ਸਰਟੀਫਿਕੇਟ ਤਿਆਰ ਕਰਨ ਵਾਲੇ ਨੰਦ ਕਿਸ਼ੋਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਉੱਤਰੀ) ਬਜਰੰਗ ਸਿੰਘ ਸ਼ੇਖਾਵਤ ਦੇ ਅਨੁਸਾਰ, ਮੁਲਜ਼ਮਾਂ ਨੇ ਇੱਕ ਵਿਦੇਸ਼ੀ ਔਰਤ ਨੂੰ ਸੋਨੇ ਦੇ ਪਾਲਿਸ਼ ਕੀਤੇ ਚਾਂਦੀ ਦੇ ਗਹਿਣੇ 6 ਕਰੋੜ ਰੁਪਏ ਵਿੱਚ ਵੇਚੇ ਸਨ। ਮੁਲਜ਼ਮਾਂ ਨੇ ਜਾਅਲੀ ਸਰਟੀਫਿਕੇਟ ਵੀ ਤਿਆਰ ਕੀਤਾ ਅਤੇ ਔਰਤ ਨੂੰ ਵਿਸ਼ਵਾਸ ਦਿਵਾਇਆ ਕਿ ਵੇਚੇ ਗਏ ਗਹਿਣੇ ਅਸਲੀ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਦੀ ਵਿਸ਼ੇਸ਼ ਟੀਮ ਬਣਾਈ ਗਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।