
ਅਮਰਾਵਤੀ, 12 ਜੂਨ, ਪੰਜਾਬੀ ਦੁਨੀਆ ਬਿਊਰੋ :
ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੁਪਰੀਮੋ ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ 24ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੇ ਅੱਜ ਰਾਜ ਦੇ ਚੌਥੀ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਰਾਜ ਵਿੱਚ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਨ ਦਾ ਰਿਕਾਰਡ ਹੁਣ ਨਾਇਡੂ ਦੇ ਨਾਂ ਹੈ। ਨਾਇਡੂ ਤੋਂ ਇਲਾਵਾ ਜਨਸੇਨਾ ਦੇ ਮੁਖੀ ਅਤੇ ਅਭਿਨੇਤਾ ਪਵਨ ਕਲਿਆਣ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਸਹੁੰ ਚੁੱਕਣ ਤੋਂ ਬਾਅਦ ਨਾਇਡੂ ਦੇ ਪੈਰ ਛੂਹੇ। ਤੀਜੇ ਨੰਬਰ ‘ਤੇ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਨੇ ਮੰਤਰੀ ਵਜੋਂ ਸਹੁੰ ਚੁੱਕੀ।
ਰਾਜਪਾਲ ਅਬਦੁਲ ਨਜ਼ੀਰ ਨੇ ਵਿਜੇਵਾੜਾ ਦੇ ਕੇਸਰਪੱਲੀ ਆਈਟੀ ਪਾਰਕ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਹੁੰ ਚੁਕਾਈ। ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ 25 ਮੈਂਬਰ ਹੋਣਗੇ। ਟੀਡੀਪੀ ਦੇ 20 ਮੰਤਰੀ, ਪਵਨ ਕਲਿਆਣ ਸਮੇਤ ਜਨਸੇਨਾ ਦੇ 3 ਅਤੇ ਭਾਜਪਾ ਦਾ ਇੱਕ ਮੰਤਰੀ ਸ਼ਾਮਲ ਹੋਣਗੇ। ਇੱਕ ਅਹੁਦਾ ਖਾਲੀ ਰੱਖਿਆ ਗਿਆ ਹੈ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਐਨਡੀਏ ਦੇ ਮੰਤਰੀ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀ ਹਾਜ਼ਰ ਸਨ।