
ਨਵੀਂ ਦਿੱਲੀ, 26 ਮਈ, ਪੰਜਾਬੀ ਦੁਨੀਆ ਬਿਊਰੋ:
ਪੂਰੇ ਉੱਤਰੀ ਭਾਰਤ ਵਿੱਚ ਹੀਟ ਵੇਵ ਦੇ ਹਾਲਾਤ ਤੋਂ ਕੋਈ ਰਾਹਤ ਨਹੀਂ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਇਕ ਰਿਪੋਰਟ ਅਨੁਸਾਰ ਜਿੱਥੇ ਅੱਤ ਦੀ ਗਰਮੀ ਸਦਕਾ ਲੋਕਾਂ ਦੀਆਂ ਰੋਜ਼ੀ-ਰੋਟੀ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ, ਉੱਥੇ ਹੀ ਰਾਜਸਥਾਨ ਦੇ ਫਲੋਦੀ ਵਿੱਚ ਸ਼ਨੀਵਾਰ ਨੂੰ 50 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਇਹ 1 ਜੂਨ, 2019 ਤੋਂ ਬਾਅਦ ਦੇਸ਼ ਵਿੱਚ ਰਿਕਾਰਡ ਕੀਤਾ ਗਿਆ ਸਭ ਤੋਂ ਉੱਚਾ ਤਾਪਮਾਨ ਸੀ, ਜਦੋਂ ਰਾਜਸਥਾਨ ਦੇ ਚੁਰੂ ਵਿੱਚ ਵੀ 50.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ।
ਇਸ ਦੌਰਾਨ ਮਾਹਿਰਾਂ ਅਨੁਸਾਰ 29 ਮਈ ਤੱਕ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ ਅਤੇ ਮਹਾਂਰਾਸ਼ਟਰ ਦੇ ਕੁਝ ਹਿੱਸਿਆਂ ‘ਚ ਅੱਤ ਦੀ ਗਰਮੀ ਪੈਣ ਦੀ ਸੰਭਾਵਨਾ ਹੈ। ਜਦਕਿ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਲਈ ‘ਰੈੱਡ’ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿਸ ਨਾਲ ਸਮੂਹ ਉਮਰ ਵਰਗ ਦੇ ਲੋਕਾਂ ਲਈ ਤੇਜ਼ ਗਰਮੀ ਅਤੇ ਹੀਟਸਟ੍ਰੋਕ ਦੀਆਂ ਉੱਚ ਸੰਭਾਵਨਾਵਾਂ ਹਨ।
ਦੇਸ਼ ਦੇ ਉੱਤਰੀ ਮੈਦਾਨੀ ਅਤੇ ਕੇਂਦਰੀ ਖੇਤਰਾਂ ਵਿੱਚ ਹੀ ਨਹੀਂ ਸਗੋਂ ਹਿਮਾਚਲ ਪ੍ਰਦੇਸ਼, ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਵੀ ਅੱਤ ਦੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਪੱਛਮੀ ਬੰਗਾਲ ਦੇ ਕੂਚ ਬਿਹਾਰ (40.5 ਡਿਗਰੀ), ਅਸਾਮ ਦੇ ਸਿਲਚਰ (40), ਅਤੇ ਲੁਮਡਿੰਗ (43) ਅਤੇ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ (40.5) ਅਤੇ ਪਾਸੀਘਾਟ (39.6) ਨੇ ਸ਼ਨੀਵਾਰ ਨੂੰ ਆਪਣਾ ਸਭ ਤੋਂ ਉੱਚਾ ਤਾਪਮਾਨ ਦਰਜ ਕੀਤਾ।
ਅਧਿਕਾਰਤ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਘੱਟੋ-ਘੱਟ 17 ਥਾਵਾਂ ‘ਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਦਰਜ ਕੀਤਾ ਗਿਆ।