ਭੋਪਾਲ, 1 ਮਈ, ਪੰਜਾਬੀ ਦੁਨੀਆ ਬਿਊਰੋ :
ਭੋਪਾਲ ਦੇ ਮਿਸਰੋਦ ਥਾਣਾ ਖੇਤਰ ‘ਚ ਇਕ ਨਿੱਜੀ ਬੋਰਡਿੰਗ ਸਕੂਲ ਦੇ ਹੋਸਟਲ ‘ਚ ਦੂਜੀ ਜਮਾਤ ਦੀ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਦਾਲ-ਚੌਲ ‘ਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਗਿਆ, ਜਿਸ ਨਾਲ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਈ ਤਾਂ ਇਕ ਵਿਅਕਤੀ ਉਸ ਨਾਲ ਗਲਤ ਹਰਕਤ ਕਰ ਰਿਹਾ ਸੀ, ਜਦੋਂ ਕਿ ਇਕ ਹੋਰ ਵਿਅਕਤੀ ਨੇੜੇ ਖੜ੍ਹਾ ਸੀ। ਘਟਨਾ ਚਾਰ-ਪੰਜ ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਲੜਕੀ 15 ਦਿਨ ਪਹਿਲਾਂ ਹੀ ਹੋਸਟਲ ਆਈ ਸੀ। ਮੰਗਲਵਾਰ ਰਾਤ ਪੁਲਿਸ ਨੇ ਧਾਰਾ 376 ਅਤੇ ਪੋਕਸੋ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਹੋਸਟਲ ਵਾਰਡਨ ਸਮੇਤ ਤਿੰਨ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਸਕੂਲ ਦੇ ਡਾਇਰੈਕਟਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
ਇਸ ਦੌਰਾਨ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਐਸਆਈਟੀ ਦਾ ਗਠਨ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ। ਲੜਕੀ ਦੀ ਮਾਂ ਦਾ ਦੋਸ਼ ਹੈ ਕਿ ਮਿਸਰੌਦ ਥਾਣੇ ਦੇ ਐਸਆਈ ਪ੍ਰਕਾਸ਼ ਰਾਜਪੂਤ ਨੇ ਹਸਪਤਾਲ ‘ਚ ਸ਼ਿਕਾਇਤ ਨਾ ਕਰਨ ਲਈ ਦਬਾਅ ਪਾਇਆ ਸੀ। ਐਸਆਈ ਸ਼ਵੇਤਾ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਜਾਂਚ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਮਿਸਰੌਦ ਪੁਲੀਸ ਅਨੁਸਾਰ ਲੜਕੀ ਦੇ ਮਾਪਿਆਂ ਨੇ 15 ਦਿਨ ਪਹਿਲਾਂ ਹੀ ਉਸ ਨੂੰ ਹੋਸਟਲ ਵਿੱਚ ਦਾਖਲ ਕਰਵਾਇਆ ਸੀ।