
ਅਹਿਮਦਾਬਾਦ, 22 ਨਵੰਬਰ, ਪੰਜਾਬੀ ਦੁਨੀਆ ਬਿਊਰੋ:
ਗਿਰ ਸੋਮਨਾਥ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ 40 ਸਾਲਾ ਅਧਿਆਪਕ ਅਤੇ ਬੂਥ ਲੈਵਲ ਅਫਸਰ (BLO) ਅਰਵਿੰਦ ਮੂਲਜੀ ਵਢੇਰ ਵਲੋਂ ਆਪਣੇ ਜੱਦੀ ਪਿੰਡ ਦੇਵਲੀ ਵਿੱਚ ਖੁਦਕੁਸ਼ੀ ਕਰਨ ਦੀ ਖਬਰ ਹੈ। ਅਰਵਿੰਦ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਸਿੱਧੇ ਤੌਰ ‘ਤੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦੇ ਕੰਮ ਦੇ ਬੋਝ ਅਤੇ ਵਧਦੇ ਮਾਨਸਿਕ ਤਣਾਅ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨੇ ਸਿੱਖਿਆ ਅਤੇ ਚੋਣ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਿਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ।
ਪੁਲਿਸ ਨੇ ਕੋਡੀਨਾਰ ਦੇ ਛਾਰਾ ਕੰਨਿਆ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਰਵਿੰਦ ਨੇ ਸਵੇਰੇ ਤੜਕੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਪੁਸ਼ਟੀ ਕੀਤੀ ਹੈ।
ਜਿਵੇਂ ਹੀ ਉਸਦਾ ਨੋਟ ਅਧਿਆਪਕਾਂ ਅਤੇ ਬੀਐਲਓ ਗਰੁੱਪਾਂ ਵਿੱਚ ਫੈਲਿਆ, ਜ਼ਿਲ੍ਹੇ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਦੌੜ ਗਈ। ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਸੁਨੇਹੇ ਸਾਹਮਣੇ ਆਏ, ਜਿਸ ਵਿੱਚ ਬੀਐਲਓ ਨੂੰ ਐਸਆਈਆਰ ਅਪਲੋਡ ਪੂਰਾ ਕਰਨ ਲਈ ਅੱਧੀ ਰਾਤ ਤੱਕ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਇਸ ਘਟਨਾ ਤੋਂ ਬਾਅਦ ਅਧਿਆਪਕ ਯੂਨੀਅਨਾਂ ਤੁਰੰਤ ਅੱਗੇ ਆ ਗਈਆਂ ਅਤੇ ਦੋਸ਼ ਲਗਾਇਆ ਕਿ ਅਰਵਿੰਦ ਦੀ ਮੌਤ ਕੋਈ ਇਕੱਲੀ ਦੁਖਾਂਤ ਨਹੀਂ ਸੀ ਸਗੋਂ ਯੋਜਨਾਬੱਧ ਪ੍ਰਸ਼ਾਸਨਿਕ ਦਬਾਅ ਦਾ ਸਿੱਧਾ ਨਤੀਜਾ ਹੈ।