
ਨਾਗਪੁਰ, 9 ਅਗਸਤ, ਪੰਜਾਬੀ ਦੁਨੀਆ ਬਿਊਰੋ :
ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਨਾਗਪੁਰ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਖੁਲਾਸਾ ਕੀਤਾ ਹੈ, ਜਿਸ ਨੇ ਰਾਜਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਸ੍ਰੀ ਪਵਾਰ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਦੋ ਵਿਅਕਤੀ ਉਹਨਾਂ ਨੂੰ ਦਿੱਲੀ ਮਿਲਣ ਆਏ ਅਤੇ ਮਹਾਂਰਾਸ਼ਟਰ ਦੀਆਂ ਕੁੱਲ 288 ਸੀਟਾਂ ਵਿਚੋਂ 160 ਸੀਟਾਂ ਉਤੇ ਜਿਤਾਉਣ ਦੀ ਗਰੰਟੀ ਦਿੱਤੀ। ਪਵਾਰ ਨੇ ਕਿਹਾ “ਮੈਂ ਹੈਰਾਨ ਰਹਿ ਗਿਆ ਕਿਉਂਕਿ ਮੈਨੂੰ ਚੋਣ ਕਮਿਸ਼ਨ ਬਾਰੇ ਕੋਈ ਸ਼ੱਕ ਨਹੀਂ ਸੀ।”
ਸ੍ਰੀ ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਦੋਵਾਂ ਵਿਅਕਤੀਆਂ ਦੀ ਰਾਹੁਲ ਗਾਂਧੀ ਨਾਲ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ। ਅਸੀਂ ਦੋਵਾਂ ਆਗੂਆਂ ਨੇ ਇਸ ਪੇਸ਼ਕਸ਼ ਨੂੰ ਮੁੱਢੋਂ ਖਾਰਜ ਕਰ ਦਿੱਤਾ ਅਤੇ ਕਿਹਾ “ਇਹ ਸਾਡਾ ਰਸਤਾ ਨਹੀਂ ਹੈ।”
ਸ੍ਰੀ ਸ਼ਰਦ ਪਵਾਰ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਦੀ ਵੋਟਾਂ ਵਿਚ ਕਥਿਤ ਬੇਨਿਯਮੀਆਂ ਬਾਰੇ ਤਾਜ਼ਾ ਪੇਸ਼ਕਾਰੀ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਸਭ ਸੰਭਵ ਹੈ? ਇਹ ਹੁਣ ਭਾਰਤ ਦੇ ਚੋਣ ਕਮਿਸ਼ਨ ਉਤੇ ਨਿਰਭਰ ਕਰਦਾ ਹੈ ਕਿ ਉਹ ਇਸ ਮਾਮਲੇ ਨੂੰ ਕਿਵੇਂ ਵੇਖਦੇ ਹਨ। ਉਨ੍ਹਾਂ ਨਾਲ ਹੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੋਂ ਵੱਖਰੇ ਤੌਰ ਉਤੇ ਹਲਫੀਆ ਬਿਆਨ ਮੰਗਣ ਦੀ ਵੀ ਅਲੋਚਨਾ ਕੀਤੀ।