
ਬੱਚਿਆਂ ਅਤੇ ਡਰਾਇਵਰ ਨੂੰ ਮੁਸ਼ਕਿਲ ਨਾਲ ਬਾਹਰ ਕੱਢਿਆ
ਖਰੜ, 14 ਜੁਲਾਈ, ਹਰਿੰਦਰ ਹੈਰੀ
ਅੱਜ ਕਸਬਾ ਖਰੜ ਦੇ ਛੱਜੂ ਮਾਜਰਾ ਇਲਾਕੇ ਵਿੱਚ ਪੁੱਟੀ ਗਈ ਸੀਵਰੇਜ਼ ਲਾਈਨ ਉਪਰ ਸਕੂਲ ਬੱਸ ਦੇ ਧੱਸਣ ਕਾਰਨ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ।
ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਅਚਾਨਕ ਪੁੱਟੀ ਹੋਈ ਸੀਵਰੇਜ਼ ਲਾਇਨ ਵਿਚ ਧੱਸ ਗਈ। ਦੱਸਣਯੋਗ ਹੈ ਕਿ ਬਰਸਾਤੀ ਮੌਸਮ ਦੌਰਾਨ ਕਸਬਾ ਖਰੜ ਵਿਚ ਸੀਵਰੇਜ਼ ਪਾਉਣ ਕਾਰਨ ਸੜਕ ਨੂੰ ਪੁੱਟਿਆ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਕਥਿਤ ਅਣਗਹਿਲੀ ਵਰਤਦਿਆਂ ਟੋਇਆਂ ਨੂੰ ਮਿੱਟੀ ਨਾਲ ਭਰ ਕੇ ਹੀ ਬੁੱਤਾ ਸਾਰ ਦਿੱਤਾ ਗਿਆ। ਬੀਤੀ ਕੱਲ੍ਹ ਅਤੇ ਅੱਜ ਬਰਸਾਤ ਹੋਣ ਸਦਕਾ ਸ਼ੈਮਰੌਕ ਸਕੂਲ ਅਤੇ ਜੋਸਨ ਹਾਈਟ ਬਿਲਡਿੰਗ ਨੇੜੇ ਬੱਚਿਆਂ ਨਾਲ ਭਰੀ ਇਕ ਸਕੂਲ ਬੱਸ ਸੀਵਰੇਜ਼ ਲਾਈਨ ਉੱਤੇ ਪਾਈ ਕੱਚੀ ਮਿੱਟੀ ਵਿੱਚ ਇੱਕ ਪਾਸੇ ਵੱਲ ਨੂੰ ਅਚਾਨਕ ਧੱਸ ਗਈ ।
ਜ਼ਿਕਰਯੋਗ ਹੈ ਕਿ ਬੱਸ ਵਿੱਚੋਂ ਨਿਕਲਣ ਲਈ ਦਰਵਾਜ਼ਾ ਵੀ ਉਸੇ ਪਾਸੇ ਸੀ ਜਿਸ ਪਾਸੇ ਉਹ ਧੱਸ ਗਈ। ਬੱਸ ਵਿੱਚ ਹਿਲਜੁਲ ਹੋਣ ਨਾਲ ਬਸ ਹੋਰ ਧਸਦੀ ਗਈ। ਮੌਕੇ ਉਤੇ ਪਹੁੰਚੇ ਵਿਕਰਮਜੀਤ ਸੱਚਦੇਵ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਡਰਾਈਵਰ ਅਤੇ ਬੱਚਿਆਂ ਨੂੰ ਬੜੀ ਮਿਹਨਤ-ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਅਤੇ ਬੱਚਿਆਂ ਨੂੰ ਉਹਨਾਂ ਦੇ ਘਰ ਤੱਕ ਸੁਰੱਖਿਅਤ ਪਹੁੰਚਾਇਆ ਗਿਆ।
ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਇਸ ਅਣਗਹਿਲੀ ਕਾਰਨ ਇਕ ਵੱਡਾ ਜਾਨੀ/ਮਾਲੀ ਨੁਕਸਾਨ ਹੋਣੋ ਬਚ ਗਿਆ। ਉਹਨਾਂ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੜਕ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਭਵਿੱਖ ਵਿਚ ਅਜਿਹਾ ਕੋਈ ਵੱਡਾ ਹਾਦਸਾ ਨਾ ਵਾਪਰੇ।