
ਮੀਟਿੰਗ ਵਿੱਚ ਚੋਰੀ ਦੀਆਂ ਘਟਨਾਵਾਂ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆਵਾਂ ਬਾਰੇ ਹੋਈ ਵਿਚਾਰ ਚਰਚਾ
ਨਿਊ ਚੰਡੀਗੜ੍ਹ, 16 ਅਪ੍ਰੈਲ (ਮਨਜੀਤ ਸਿੰਘ ਚਾਨਾ) :
ਈਕੋਸਿਟੀ-1 ਦੇ ਸੈਕਟਰ 6, ਬੀ-ਬਲਾਕ, ਨਿਊ ਚੰਡੀਗੜ੍ਹ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੀਆਂ ਚੋਣਾਂ ਸਰਬਸੰਮਤੀ ਨਾਲ ਹੋਈਆਂ। ਪ੍ਰੀਜ਼ਾਈਡਿੰਗ ਅਫ਼ਸਰ ਜਸਵੰਤ ਠਾਕੁਰ ਨੇ ਦੱਸਿਆ ਕਿ ਜਨਰਲ ਬਾਡੀ ਦੀ ਮੀਟਿੰਗ ਵਿੱਚ ਦੋ ਸਾਲਾਂ ਲਈ ਆਰ.ਡਬਲਯੂ.ਏ ਦੀ ਨਵੀਂ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਨਵੀਂ ਕਾਰਜਕਾਰਨੀ ਵਿੱਚ ਕੁਲਦੀਪ ਸਿੰਘ ਸੈਣੀ ਨੂੰ ਪ੍ਰਧਾਨ, ਹੇਮੰਤ ਚੌਹਾਨ ਸੀਨੀਅਰ ਮੀਤ ਪ੍ਰਧਾਨ, ਜਸਵੀਰ ਚਹਿਲ ਮੀਤ ਪ੍ਰਧਾਨ, ਡਾ: ਹਿਤੇਂਦਰ ਠਾਕੁਰ ਜਨਰਲ ਸਕੱਤਰ, ਨੀਤਿਕਾ ਚੰਦੇਲ ਜੁਆਇੰਟ ਸਕੱਤਰ, ਜਗਦੀਸ਼ ਪਠਾਨੀਆ ਕੈਸ਼ੀਅਰ ਅਤੇ ਨੀਲਮ ਠਾਕੁਰ ਜੁਆਇੰਟ ਕੈਸ਼ੀਅਰ ਚੁਣੇ ਗਏ ਹਨ | ਇਸੇ ਤਰ੍ਹਾਂ ਸਰਬਸੰਮਤੀ ਨਾਲ ਜਸਵੰਤ ਠਾਕੁਰ ਨੂੰ ਚੇਅਰਮੈਨ, ਸੰਤੋਸ਼ ਕੁਮਾਰ ਨੂੰ ਸੀਨੀਅਰ ਵਾਈਸ ਚੇਅਰਮੈਨ ਅਤੇ ਜਸਪਾਲ ਸਿੰਘ ਨੂੰ ਵਾਈਸ ਚੇਅਰਮੈਨ ਨਾਮਜ਼ਦ ਕੀਤਾ ਗਿਆ। ਮੀਟਿੰਗ ਵਿੱਚ ਕੁਲਵੰਤ ਸਿੰਘ, ਸਰਿਤਾ ਕਟੋਚ, ਰਾਜਿੰਦਰ ਡੋਡ, ਗਿਰਧਾਰੀ ਲਾਲ, ਈਸ਼ਵਰ ਅਤੇ ਸੁਭਾਸ਼ ਯਾਦਵ ਨੂੰ ਕਾਰਜਕਾਰਨੀ ਦੇ ਮੈਂਬਰ ਬਣਾਇਆ ਗਿਆ ਹੈ।ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸੈਣੀ ਨੇ ਦੱਸਿਆ ਕਿ ਕਲੋਨੀ ਵਿੱਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕਈ ਵਾਰ ਸਥਾਨਕ ਪੁਲੀਸ ਨਾਲ ਸੰਪਰਕ ਕੀਤਾ ਗਿਆ ਪਰ ਕੋਈ ਤਸੱਲੀਬਖ਼ਸ਼ ਹੱਲ ਨਹੀਂ ਨਿਕਲ ਸਕਿਆ। ਇਸ ਲਈ, ਆਰਡਬਲਯੂਏ ਨੇ ਫੈਸਲਾ ਕੀਤਾ ਹੈ ਕਿ ਬੀ ਬਲਾਕ ਦੇ ਬਾਹਰਲੇ ਪਾਸੇ ਵਾਲੇ ਸਾਰੇ ਖਾਲੀ ਪਲਾਟਾਂ ‘ਤੇ ਫੈਂਸਿਗ ਕੀਤੀ ਜਾਵੇਗੀ ਤਾਂ ਜੋ ਵਸਨੀਕ ਚੋਰੀ ਅਤੇ ਅਵਾਰਾ ਪਸ਼ੂਆਂ ਦੀਆਂ ਘਟਨਾਵਾਂ ਤੋਂ ਮੁਕਤ ਹੋ ਸਕਣ। ਕਾਰਜਕਾਰਨੀ ਦੀ ਮੀਟਿੰਗ ਵਿੱਚ ਕਲੋਨੀ ਵਿੱਚ ਆਵਾਰਾ ਪਸ਼ੂਆਂ, ਕੁੱਤਿਆਂ ਦੀ ਵੱਧ ਰਹੀ ਗਿਣਤੀ ਅਤੇ ਪਾਰਕਾਂ ਅਤੇ ਵੱਡੇ ਚੌਕਾਂ ਵਿੱਚ ਮਰਕਰੀ ਲਾਈਟਾਂ ਲਗਾਉਣ ਲਈ ਗਮਾਡਾ ਨਾਲ ਸੰਪਰਕ ਕਰਨ ਦਾ ਵੀ ਫੈਸਲਾ ਕੀਤਾ ਗਿਆ।