
ਮੋਹਾਲੀ, 29 ਮਈ, ਮਨਜੀਤ ਸਿੰਘ ਚਾਨਾ :
ਹਲਕਾ ਮੋਹਾਲੀ ਦੇ ਪਿੰਡ ਲਾਂਡਰਾਂ ਵਿਖੇ ਆਪਣੇ ਇਕ ਸੰਬੋਧਨ ਦੌਰਾਨ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਸਰਕਾਰ ਨੂੰ ਪੰਜਾਬ ਦੇ ਸਿੱਖਿਆ ਮਾਡਲ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਇਲਜ਼ਾਮ ਲਗਾਇਆ ਕਿ ਪੰਜਾਬ ਵਿੱਚ ਇਹ ਪਾਰਟੀ ਸਿਰਫ਼ ‘ਤੇ ਸਿਰਫ਼ ਇਸ਼ਤਿਹਾਰਾਂ ਰਾਹੀਂ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਦੇ ਦਾਅਵੇ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।
ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਲਾਂਡਰਾਂ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਸਮੇਂ ਸਿਰਫ ਇਕ ਸਕੂਲ ਲਈ ਉਨ੍ਹਾਂ ਨੇ ਕੁੱਲ ₹35 ਲੱਖ ਦੀ ਰਕਮ ਦਿੱਤੀ ਸੀ। ਇਸ ਰਕਮ ਨਾਲ 6 ਨਵੇਂ ਅਤਿ ਆਧੁਨਿਕ ਕਲਾਸਰੂਮ ਬਣਾਏ ਗਏ ਸਨ ਅਤੇ ₹1 ਲੱਖ ਦਾ ਨਵਾਂ ਫਰਨੀਚਰ ਵੀ ਖਰੀਦਿਆ ਗਿਆ ਸੀ। ਇਹ ਮੋਹਾਲੀ ਹਲਕੇ ਦੇ ਸਿਰਫ਼ ਇਕ ਸਕੂਲ ਦੀ ਗੱਲ ਹੈ, ਇਸੇ ਤਰ੍ਹਾਂ ਪੂਰੇ ਹਲਕੇ ਦੇ ਸਕੂਲਾਂ ਦਾ ਉਨ੍ਹਾਂ ਨੇ ਵੱਡੇ ਪੱਧਰ ‘ਤੇ ਵਿਕਾਸ ਕਰਵਾਇਆ ਸੀ। ਜਦਕਿ ਆਪ ਸਰਕਾਰ ਵਲੋਂ ਚਲਾਈ ਸਿੱਖਿਆ ਕ੍ਰਾਂਤੀ ਇਕ ਮਜ਼ਾਕ ਦਾ ਪਾਤਰ ਬਣਕੇ ਰਹਿ ਚੁੱਕੀ ਹੈ, ਜਿਸ ਵਿੱਚ ਸਰਕਾਰ ਵਲੋਂ ਟਾਇਲਟ ਰਿਪੇਅਰ ਵਰਗੇ ਕੰਮਾਂ ਦਾ ਉਦਘਾਟਨ ਕੀਤਾ ਗਿਆ, ਪਰ ਸਕੂਲਾਂ ਨੂੰ ਅਸਲ ਲੋੜਵੰਦ ਵਿਕਾਸ ਕਾਰਜਾਂ ਲਈ ਕੋਈ ਗਰਾਂਟਾਂ ਨਹੀਂ ਦਿੱਤੀਆਂ ਗਈਆਂ।”

ਉਨ੍ਹਾਂ ਅੱਗੇ ਕਿਹਾ, “ਆਮ ਆਦਮੀ ਪਾਰਟੀ ਸਿਰਫ਼ ਪੋਸਟਰਾਂ ਅਤੇ ਇਸ਼ਤਿਹਾਰਾਂ ਰਾਹੀਂ ਕੰਮ ਕਰ ਰਹੀ ਹੈ। ਸਕੂਲਾਂ ਦੀ ਹਾਲਤ, ਅਧਿਆਪਕਾਂ ਦੀ ਘਾਟ ਅਤੇ ਵਿਕਾਸ ਹਾਲੇ ਵੀ ਓਥੇ ਹੀ ਹਨ ਜਿੱਥੇ ਪਿਛਲੀ ਸਰਕਾਰ ਛੱਡ ਕੇ ਗਈ ਸੀ। ਜੋ ਕੁਝ ਵੀ ਅੱਜ ਬਿਹਤਰ ਦਿੱਸ ਰਿਹਾ ਹੈ, ਉਹ ਪਿਛਲੀਆਂ ਸਰਕਾਰਾਂ ਦੀ ਮਿਹਨਤ ਦਾ ਨਤੀਜਾ ਹੈ। ਇਹ ਤੱਥ ਸਿੱਧੇ ਹਨ ਅਤੇ ਇਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਇਹਨਾਂ ਤੱਥਾਂ ਦੀ ਠੋਸ ਜਾਂਚ ਕੀਤੀ ਜਾਵੇ, ਤਾਂ ਮੌਜੂਦਾ ਸਰਕਾਰ ਦੀ ਹਕੀਕਤ ਅਤੇ ਖੋਖਲੇ ਦਾਅਵੇ ਸਾਹਮਣੇ ਆ ਜਾਣਗੇ।”
ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਜਲਦ ਹੀ ਮੋਹਾਲੀ ਦੇ ਸਿੱਖਿਆ ਵਿਭਾਗ ਨਾਲ ਜੁੜੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਜਾਵੇ ਅਤੇ ਇਸ਼ਤਿਹਾਰਾਂ ਤੋਂ ਬਾਹਰ ਨਿਕਲ ਕੇ ਸੂਬੇ ਦੇ ਸਿੱਖਿਆ ਵਿਭਾਗ ਨਾਲ ਜੁੜੇ ਕੰਮਾਂ ‘ਤੇ ਖ਼ਾਸ ਧਿਆਨ ਦਿੱਤਾ ਜਾਵੇ।”