
ਮੋਹਾਲੀ, 6 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਮੋਹਾਲੀ ਦੇ ਪਿੰਡ ਖਲੌਰ ਵਿਖੇ ਦੁਨੀਆ ਦੇ ਪਹਿਲੇ ਨਿਰਮਾਣ ਅਧੀਨ ਮਾਤਾ-ਪਿਤਾ ਮੰਦਿਰ ਦੇ ਵਿੱਚ 10 ਅਪਰੈਲ ਨੂੰ ਮਾਤਾ-ਪਿਤਾ ਪੂਜਨ ਦਿਵਸ ਮਨਾਇਆ ਜਾਵੇਗਾ, ਜਿੱਥੇ ਪੁਸ਼ਪਿੰਦਰ ਕੁਲਸ਼੍ਰੇਸ਼ਠ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਪੂਜਨ ਦਿਵਸ ਦੀਆਂ ਤਿਆਰੀਆਂ ਸਬੰਧੀ ਸ਼ਨੀਵਾਰ ਨੂੰ ਹੋਈ ਮੀਟਿੰਗ ਦੌਰਾਨ ਮਾਤਾ-ਪਿਤਾ ਗੋਧਾਮ ਮਹਾਤੀਰਥ ਦੇ ਸੰਸਥਾਪਕ ਗੋਚਰ ਦਾਸ ਗਿਆਨ ਚੰਦ ਵਾਲੀਆ ਨੇ ਦੱਸਿਆ ਕਿ ਇਸ ਮੌਕੇ ਪੁਸ਼ਪੇਂਦਰ ਕੁਲਸ਼੍ਰੇਸ਼ਠ ਆਪਣੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕਰਨਗੇ। ਵਾਲੀਆ ਨੇ ਕਿਹਾ ਕਿ ਮਾਤਾ-ਪਿਤਾ ਮੰਦਰ 2026 ਵਿੱਚ ਬਣ ਕੇ ਤਿਆਰ ਹੋਣ ਦੀ ਉਮੀਦ ਹੈ। ਹੁਣ ਤੱਕ ਮੰਦਰ ਦੀ ਉਸਾਰੀ ਦਾ ਅੱਧਾ ਕੰਮ ਪੂਰਾ ਹੋ ਚੁੱਕਾ ਹੈ।ਵਾਲੀਆ ਨੇ ਦੱਸਿਆ ਕਿ ਸਾਰੀਆਂ ਸਹੂਲਤਾਂ ਵਾਲੇ 3 ਆਧੁਨਿਕ ਗਊ ਸ਼ੈੱਡਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ। ਇਸ ਤੋਂ ਇਲਾਵਾ 2500 ਲੋਕਾਂ ਲਈ ਸਾਰੀਆਂ ਸਹੂਲਤਾਂ ਵਾਲਾ ਵਿਸ਼ਾਲ ਆਧੁਨਿਕ ਭੰਡਾਰਾ ਹਾਲ ਵੀ ਬਣਾਇਆ ਗਿਆ ਹੈ।
ਅਤਿ-ਆਧੁਨਿਕ ਸਹੂਲਤਾਂ ਵਾਲੇ ਗਊ ਹਸਪਤਾਲ ਅਤੇ ਪੰਚਗਵਿਆ ਮੈਡੀਕਲ ਐਂਡ ਰਿਸਰਚ ਸੈਂਟਰ ਦੀ ਇਮਾਰਤ ਦੀ ਉਸਾਰੀ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਗਊ ਸੇਵਕਾਂ ਲਈ ਆਰਾਮ ਕਰਨ ਲਈ 40 ਕਮਰਿਆਂ ਵਾਲੇ ਨੰਦ ਭਵਨ ਦੀ ਉਸਾਰੀ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ।
ਜ਼ਖਮੀਆਂ ਅਤੇ ਦੁਰਘਟਨਾਗ੍ਰਸਤ ਗਾਵਾਂ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ। ਗੋਬਰ ਗੈਸ ਪਲਾਂਟ ਲਗਾਇਆ ਗਿਆ ਹੈ, ਜਿਸ ਵਿੱਚ ਗਾਵਾਂ ਲਈ ਰੋਜ਼ਾਨਾ ਸਾਵਮਨੀ ਤਿਆਰ ਕੀਤੀ ਜਾਂਦੀ ਹੈ। ਭਵਿੱਖ ਵਿੱਚ ਗਾਵਾਂ ਦੀ ਗਿਣਤੀ ਵਧਾਉਣ ਦਾ ਵਿਚਾਰ ਹੈ, ਇਸ ਲਈ ਗਊ-ਧਾਮ ਦੇ ਨਾਲ ਲੱਗਦੀ 10 ਵਿੱਘੇ ਜ਼ਮੀਨ ਖਰੀਦੀ ਗਈ ਹੈ।
ਗਿਆਨ ਚੰਦ ਵਾਲੀਆ ਨੇ ਅੱਗੇ ਦੱਸਿਆ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਮੰਦਰ ਹੈ ਜਿੱਥੇ ਕਿਸੇ ਭਗਵਾਨ ਦੀ ਮੂਰਤੀ ਨਹੀਂ ਲਗਾਈ ਜਾਵੇਗੀ। ਇਸ ਮੰਦਰ ‘ਚ ਪਹੁੰਚ ਕੇ ਅਸੀਂ ਆਪਣੇ ਮਾਤਾ-ਪਿਤਾ ਨੂੰ ਭਗਵਾਨ ਦੀ ਤਰ੍ਹਾਂ ਮੰਨਾਂਗੇ ਅਤੇ ਉਨ੍ਹਾਂ ਦੀ ਪੂਜਾ ਕਰਾਂਗੇ।
ਮੀਟਿੰਗ ਵਿੱਚ ਅਮਰਜੀਤ ਬਾਂਸਲ, ਮੋਮਨ ਰਾਮ, ਪੰਕਜ ਜੈਸਵਾਲ, ਸੁਭਾਸ਼ ਸਿੰਗਲਾ, ਕੁਲਦੀਪ ਠਾਕੁਰ, ਕਪਿਲ ਵਰਮਾ, ਜੀਵਨ ਬੱਬੂ, ਸੁਰਨੇਸ਼ ਸਿੰਗਲਾ, ਸੁਰੇਸ਼ ਬਾਂਸਲ, ਕਸ਼ਮੀਰੀ ਲਾਲ ਗੁਪਤਾ, ਦੀਪਕ ਮਿੱਤਲ ਅਤੇ ਸੰਜੀਵ ਸਿੰਗਲਾ ਵੀ ਹਾਜ਼ਰ ਸਨ।