
ਮੋਹਾਲੀ, 21 ਦਸੰਬਰ, ਪੰਜਾਬੀ ਦੁਨੀਆ ਬਿਊਰੋ :
ਮੋਹਾਲੀ ਸ਼ਹਿਰ ‘ਚ ਅੱਜ ਇਕ ਬਹੁ-ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਸ ਇਮਾਰਤ ਦੇ ਮਲਬੇ ਹੇਠ ਅਨੇਕਾਂ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਜਾਰੀ ਹਨ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸ਼ਾਮ ਮੋਹਾਲੀ ਦੇ ਸੋਹਾਣਾ ‘ਚ ਸਥਿਤ ਬਿਲਡਿੰਗ ਦੇ ਨਾਲ ਲੱਗਦੀ ਇਕ ਬਿਲਡਿੰਗ ਦੀ ਬੇਸਮੈਂਟ ‘ਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਖੁਦਾਈ ਕਰਦੇ ਸਮੇਂ 3 ਮੰਜ਼ਿਲਾ ਇਮਾਰਤ ਦੀ ਨੀਂਹ ਹਿੱਲ ਗਈ ਅਤੇ ਇਮਾਰਤ ਡਿੱਗ ਗਈ, ਜਿਸ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।
ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਵਿੱਚ ਕਈ ਜੇਬੀਸੀ ਮਸ਼ੀਨਾਂ, ਪ੍ਰਸ਼ਾਸਨ ਅਤੇ ਲੋਕ ਲੱਗੇ ਹੋਏ ਹਨ। ਇਸ ਦੌਰਾਨ ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਇਸ ਇਮਾਰਤ ਵਿੱਚ ਜਿੰਮ ਚੱਲ ਰਿਹਾ ਸੀ। ਜਿਸ ਸਮੇਂ ਇਮਾਰਤ ਢਹਿ ਢੇਰੀ ਹੋਈ ਉਸ ਸਮੇਂ ਵੀ ਜਿਮ ਖੁੱਲ੍ਹੇ ਹੋਣ ਦੀ ਖ਼ਬਰ ਹੈ। ਪ੍ਰੰਤੂ ਅਜੇ ਤੱਕ ਮਲਬੇ ਵਿੱਚ ਦਬੇ ਹੋਣ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ।
ਘਟਨਾ ਦੀ ਖਬਰ ਮਿਲਦਿਆਂ ਹੀ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਹੋਰ ਉਚ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ।