
ਮੋਹਾਲੀ, 12 ਦਸੰਬਰ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭ.ਾਗ ਦੇ ਦਿਸ਼ਾ ਨਿਰਦੇਸ਼ਾਂ ਉਤੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਤ ਸੰਸਥਾ ਪੰਜਾਬ ਵਲੋਂ ਬੀਡੀਪੀਓ ਦਫ਼ਤਰ ਮੋਹਾਲੀ ਵਿਖੇ ਪੰਚਾਇਤੀ ਰਾਜ ਦੇ ਕੰਮ-ਕਾਜ ਸਬੰਧੀ ਨਵ-ਨਿਯੁਕਤ ਸਰਪੰਚਾਂ ਅਤੇ ਪੰਚਾਂ ਨੂੰ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਇਸ ਦੌਰਾਨ ਸ੍ਰੀ ਰਵਿੰਦਰ ਸਿੰਘ ਬੀਡੀਪੀਓ ਨੇ ਸਿਖਲਾਈ ਕੈਂਪ ਵਿਚ ਗ੍ਰਾਮ ਪੰਚਾਇਤਾਂ ਦੇ ਨਵ-ਨਿਯੁਕਤ ਸਰਪੰਚਾਂ-ਪੰਚਾਂ ਨੂੰ ਵਧਾਈ ਦਿਤੀ ਅਤੇ ਪੰਚਾਇਤ ਦੇ ਕੰਮਕਾਜ ਲਈ ਸਿਖਲਾਈ ਪ੍ਰਾਪਤ ਕਰਨ ਲਈ ਉਹਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਹਨਾਂ ਪੰਜਾਬ ਸਰਕਾਰ ਦੀਆਂ ਪੇਂਡੂ ਵਿਕਾਸ ਸਕੀਮਾਂ ਅਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿਤੀ। ਇਹ ਸਿਖਲਾਈ ਕੈਂਪ ਮਿਤੀ 2 ਦਸੰਬਰ 2024 ਤੋਂ 9 ਜਨਵਰੀ 2025 ਤਕ ਹਰ ਇਕ ਪੰਚਾਇਤ ਲਈ ਤਿੰਨ ਦਿਨਾਂ ਦੇ ਅਨੁਸੂਚੀ ਤੇ ਲਗਾਇਆ ਜਾਵੇਗਾ ਅਤੇ ਸਿਖਲਾਈ ਕੈਂਪ ਵਿਚ ਪੰਚਾਇਤ ਦੇ ਸਰਪੰਚ-ਪੰਚ ਹਿਸਾ ਲੈਣਗੇ।
ਸਿਖਲਾਈ ਕੈਂਪ ਦੇ ਮਾਸਟਰ ਰਿਸੋਰਸ ਪਰਸਨ ਸ੍ਰੀਮਤੀ ਵੰਦਨਾ ਮੈਦਾਨ ਅਤੇ ਸ੍ਰੀਮਤੀ ਪਰਮਜੀਤ ਕੌਰ ਨੇ ਦਸਿਆ ਕਿ ਸਿਖਲਾਈ ਕੈਂਪ ਵਿਚ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਸੀਡੀਪੀਓ, ਸਿਖਿਆ ਅਤੇ ਸਿਹਤ, ਮਨਗਰੇਗਾ, ਜਲ ਸਪਲਾਈ ਅਤੇ ਸੈਨੀਟੇਸ਼ਨ ਆਦਿ ਦੇ ਮਾਹਿਰਾਂ ਨੇ ਵੀ ਕਾਰਜਾਂ, ਸ਼ਕਤੀਆਂ, ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿਤੀ। ਗ੍ਰਾਮ ਪੰਚਾਇਤਾਂ ਦੇ ਪੰਚਾਂ-ਸਰਪੰਚਾਂ ਨੂੰ ਜ਼ਮੀਨ ਦੀ ਸਾਂਭ-ਸੰਭਾਲ ਅਤੇ ਪੰਜਾਬ ਸਰਕਾਰ ਦੀਆਂ ਪੇਂਡੂ ਵਿਕਾਸ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਸਿਖਲਾਈ ਕਰਵਾਈ ਜਾ ਰਹੀ ਹੈ।
ਇਸ ਮੌਕੇ ਰਵਿੰਦਰ ਸਿੰਘ ਬੀਡੀਪੀਓ ਤੋਂ ਇਲਾਵਾ ਦਫ਼ਤਰ ਬੀਡੀਪੀਓ ਮੋਹਾਲੀ ਦੇ ਸੁਪਰਡੰਟ, ਪੰਚਾਇਤ ਅਫਸਰ, ਜੇ.ਈ., ਲੇਖਾਕਾਰ, ਕਲਰਕ ਆਦਿ ਸਮੂਹ ਸਟਾਫ਼ ਹਾਜ਼ਰ ਸਨ।