Breaking News

ਡੀਸੀ ਆਸ਼ਿਕਾ ਜੈਨ ਨੇ ਵਿਧਾਇਕ ਕੁਲਵੰਤ ਸਿੰਘ ਨਾਲ ਮੋਹਾਲੀ ਸ਼ਹਿਰ ਦੇ ਲੰਬਿਤ ਮਸਲਿਆਂ ਸਬੰਧੀ ਕੀਤੀ ਮੀਟਿੰਗ

ਸ਼ਹਿਰ ਦੇ ਲੰਬਿਤ ਪਏ ਕੰਮਾਂ ਨੂੰ ਜਲਦੀ ਨਿਪਟਾਉਣ ਦੇ ਦਿੱਤੇ ਨਿਰਦੇਸ਼: ਕੁਲਵੰਤ ਸਿੰਘ

ਐਸ.ਏ.ਐਸ. ਨਗਰ, 8 ਨਵੰਬਰ, ਪੰਜਾਬੀ ਦੁਨੀਆ ਬਿਊਰੋ :

ਮੋਹਾਲੀ ਸ਼ਹਿਰ ਦੇ ਮਹੱਤਵਪੂਰਣ ਮਸਲਿਆਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੁਲਵੰਤ ਸਿੰਘ, ਹਲਕਾ ਵਿਧਾਇਕ, ਐਸ.ਏ.ਐਸ. ਨਗਰ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ.ਐਸ.ਪੀ. ਦੀਪਕ ਪਾਰਿਕ ਦੀ ਹਾਜ਼ਰੀ ਵਿੱਚ ਹੋਈ।

ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਲਈ ਰਿਹਾਇਸ਼ ਦਾ ਪ੍ਰਬੰਧ, ਜ਼ਿਲ੍ਹਾ ਪੁਲਿਸ ਲਾਈਨ ਲਈ ਜਗ੍ਹਾ ਨਿਰਧਾਰਿਤ ਕਰਨਾ, ਮੌਜੂਦਾ ਹੈਬੀਟੇਟ ਸੈਂਟਰ ਨੂੰ ਸਰਕਟ ਹਾਊਸ ਵਿੱਚ ਤਬਦੀਲ ਕਰਨਾ, ਸ਼ਹਿਰ ਵਿੱਚ ਲੱਗ ਰਹੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਪ੍ਰੋਜੈਕਟ, ਪਾਰਕਿੰਗ ਦੀ ਸਮੱਸਿਆ, ਡਿਜੀਟਲ ਐਡਵਰਟਾਈਜ਼ਮੈਂਟ, ਕਨਵੈਨਸ਼ਨ ਸੈਂਟਰ, ਬੱਸ ਸਟੈਂਡ ਦਾ ਮੁੱਦਾ, ਓਲਡ ਏਜ ਹੋਮ, ਵਰਕਿੰਗ ਵੂਮੈਨ ਹੋਸਟਲ, ਬਰਸਾਤਾਂ ਦੇ ਦਿਨਾਂ ਵਿੱਚ ਰੇਲਵੇ ਅੰਡਰ ਬ੍ਰਿਜ ਥੱਲੇ ਖੜ੍ਹਦੇ ਪਾਣੀ ਦੀ ਸਮੱਸਿਆ ਦਾ ਮੁੱਦਾ, ਨਗਰ ਨਿਗਮ ਦੀ ਹਦੂਦ ਤੋਂ ਬਾਹਰ ਵਿਕਸਤ ਹੋਏ ਅਰਬਨ ਏਰੀਏ ਨੂੰ ਨਗਰ ਨਿਗਮ ਦੀ ਹਦੂਦ ਵਿੱਚ ਸ਼ਾਮਲ ਕਰਨਾ, ਆਈ.ਟੀ.ਸਿਟੀ ਵਿਖੇ ਮਲਟੀ ਲੈਵਲ ਪਾਰਕਿੰਗ ਬਣਾਉਣਾ ਆਦਿ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਲਈ ਰਿਹਾਇਸ਼ ਦੇ ਪ੍ਰਬੰਧ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਸ ਕੰਮ ਲਈ ਸੈਕਟਰ 88 ਵਿਖੇ ਪੂਰਬ ਪ੍ਰੀਮੀਅਮ ਅਪਾਰਟਮੈਂਟ ਵਿੱਚ ਫ਼ਲੈਟ ਦਿੱਤੇ ਜਾ ਰਹੇ ਹਨ। ਇਸ ਲਈ ਸਰਕਾਰ ਵੱਲੋਂ 56 ਕਰੋੜ ਰੁਪਏ ਮੰਜ਼ੂਰ ਕੀਤੇ ਜਾ ਚੁੱਕੇ ਹਨ। ਪੁਲਿਸ ਲਾਈਨ ਲਈ ਜਗ੍ਹਾ ਸਬੰਧੀ ਡੀ.ਟੀ.ਪੀ. ਗਮਾਡਾ ਨੂੰ ਹਦਾਇਤ ਕੀਤੀ ਗਈ ਕਿ ਇਸ ਮਕਸਦ ਲਈ ਅਜਿਹੀ ਜਗ੍ਹਾ ਪਛਾਣੀ ਜਾਵੇ, ਜਿਸ ਨਾਲ ਇਸ ਦੀਆਂ ਸਹੂਲਤਾਂ ਪੂਰੇ ਜ਼ਿਲ੍ਹੇ ਵਿੱਚ ਅਸਾਨੀ ਨਾਲ ਉਪਲੱਬਧ ਕਰਵਾਈਆਂ ਜਾ ਸਕਣ। ਸੀ.ਸੀ.ਟੀ.ਵੀ. ਕੈਮਰਿਆਂ ਸਬੰਧੀ ਫ਼ੈਸਲਾ ਲਿਆ ਗਿਆ ਕਿ ਇਸ ਪ੍ਰੋਜੈਕਟ ਨੂੰ ਅੱਗੇ ਵਧਾ ਕੇ ਵੱਧ ਤੋਂ ਵੱਧ ਥਾਵਾਂ ਤੇ ਕੈਮਰੇ ਲਗਾਏ ਜਾਣ ਅਤੇ ਲੋੜੀਂਦੇ ਫ਼ੰਡਾਂ ਲਈ ਕਾਰਵਾਈ ਕੀਤੀ ਜਾਵੇ। ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਗਈ ਕਿ ਸੜਕਾਂ ਅਤੇ ਫੁੱਟਪਾਥਾਂ ਤੇ ਖੜ੍ਹੇ ਹੋ ਰਹੇ ਵਾਹਨਾਂ ਦੇ ਚਲਾਨ ਕੀਤੇ ਜਾਣ ਅਤੇ ਗ਼ਲਤ ਤਰੀਕੇ ਨਾਲ ਪਾਰਕ ਕੀਤੇ ਵਾਹਨਾਂ ਨੂੰ ਚੁੱਕ ਕੈ ਲੈ ਜਾਣ ਲਈ ਟੋਅ-ਵਾਹਨਾਂ ਦਾ ਪ੍ਰਬੰਧ ਨਗਰ ਨਿਗਮ ਐਸ.ਏ.ਐਸ. ਨਗਰ ਕਰੇ ਅਤੇ ਵਾਹਨਾਂ ਨੂੰ ਚੁੱਕ ਕੇ ਲੈ ਜਾਣ ਦਾ ਕੰਮ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਣ ਅਤੇ ਪ੍ਰਾਈਵੇਟ ਕੰਪਨੀਆਂ, ਕਮਰਸ਼ੀਅਲ ਮਾਲਾਂ, ਹਸਪਤਾਲਾਂ ਆਦਿ ਵੱਲੋਂ ਬਿਲਡਿੰਗ ਪਲਾਨ ਅਨੁਸਾਰ ਨਿਰਧਾਰਿਤ ਪਾਰਕਿੰਗਾਂ ਨੂੰ ਕਿਸ ਮਕਸਦ ਲਈ ਵਰਤਿਆ ਜਾ ਰਿਹਾ ਹੈ, ਦਾ ਪਤਾ ਲਗਾਉਣ ਲਈ ਸਰਵੇ ਕਰਵਾਉਣ ਲਈ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ, ਐਸ.ਪੀ. ਟ੍ਰੈਫਿਕ, ਏ.ਸੀ.ਏ. ਗਮਾਡਾ ਅਤੇ ਸੜਕ ਟ੍ਰੈਫਿਕ ਸੇਫਟੀ ਐਕਸਪਰਟ ਸ੍ਰੀ ਨਵਦੀਪ ਅਸੀਜਾ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਈ ਜਾਵੇ।

ਕਨਵੈਨਸ਼ਨ ਸੈਂਟਰ ਸਬੰਧੀ ਡੀ.ਟੀ.ਪੀ. ਗਮਾਡਾ ਵੱਲੋਂ ਦੱਸਿਆ ਗਿਆ ਕਿ ਏਅਰਪੋਰਟ ਦੇ ਨਜ਼ਦੀਕ ਆਈ.ਟੀ.ਸਿਟੀ ਵਿਖੇ ਇਸ ਕੰਮ ਲਈ 6 ਏਕੜ ਜ਼ਮੀਨ ਨਿਰਧਾਰਿਤ ਕੀਤੀ ਹੋਈ ਹੈ ਅਤੇ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਕੰਸਲਟੈਂਟ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਬੱਸ ਅੱਡੇ ਦੇ ਸਬੰਧ ਵਿੱਚ ਹਲਕਾ ਵਿਧਾਇਕ ਵੱਲੋਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਫ਼ੇਜ਼-6 ਵਿਖੇ ਬਣੇ ਬੱਸ ਸਟੈਂਡ ਨੂੰ ਚਾਲੂ ਕਰਨ ਲਈ ਉਪਰਾਲੇ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਮੌਜੂਦਾ ਹੈਬੀਟੈਟ ਸੈਂਟਰ ਨੂੰ ਗਮਾਡਾ ਵੱਲੋਂ ਸਰਕਟ ਹਾਊਸ ਵਿੱਚ ਤਬਦੀਲ ਕੀਤਾ ਜਾਵੇ। ਇਸ ਤੋਂ ਇਲਾਵਾ ਬਾਕੀ ਮੁੱਦਿਆ ਸਬੰਧੀ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਇਨ੍ਹਾਂ ਨੂੰ ਲਾਗੂ ਕਰਨ/ਹੱਲ ਕਰਨ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਮੀਟਿੰਗ ਵਿੱਚ ਕਮਿਸ਼ਨਰ ਨਗਰ ਨਿਗਮ, ਟੀ. ਬੈਨਿਥ, ਸੰਯੁਕਤ ਕਮਿਸ਼ਨਰ ਨਗਰ ਨਿਗਮ, ਦੀਪਾਂਕਰ ਗਰਗ, ਏ.ਡੀ.ਸੀ. (ਦਿਹਾਤੀ ਵਿਕਾਸ) ਸੋਨਮ ਚੌਧਰੀ, ਐਸ.ਡੀ.ਐਮ. ਮੋਹਾਲੀ, ਦਮਨਦੀਪ ਕੌਰ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ, ਐਸ.ਪੀ. ਟ੍ਰੈਫਿਕ ਹਰਿੰਦਰ ਸਿੰਘ ਮਾਨ, ਵਧੀਕ ਮੁੱਖ ਪ੍ਰਸ਼ਾਸ਼ਕ ਗਮਾਡਾ ਅਮਰਿੰਦਰ ਸਿੰਘ ਟਿਵਾਣਾ, ਡੀ.ਟੀ.ਪੀ. ਗਮਾਡਾ, ਗੁਰਦੇਵ ਸਿੰਘ ਅਟਵਾਲ ਵੀ ਹਾਜ਼ਰ ਸਨ

Leave a Reply

Your email address will not be published. Required fields are marked *