* ਉਘੀ ਨਿਰਦੇਸ਼ਕਾਂ ਤੇ ਫਿਲਮੀ ਕਲਾਕਰ ਅਨੀਤਾ ਸ਼ਬਦੀਸ ਵੱਲੋਂ ਨਾਟਕ ‘ਮਨ ਮਿੱਟੀ ਦਾ ਬੋਲਿਆ’ ਪੇਸ਼ ਕੀਤਾ ਗਿਆ
ਮੋਹਾਲੀ, 23 ਮਾਰਚ (ਮਨਜੀਤ ਸਿੰਘ ਚਾਨਾ) :
ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀ ਐਸੋਸੀਏਸ਼ਨ ਵੱਲੋਂ ਅੱਜ ਬੋਰਡ ਦੇ ਆਡੀਟੋਰੀਅਮ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਦਿਵਸ ਮਨਾਇਆ ਗਿਆ। ਆਡੀਟੋਰੀਅਮ ਦੇ ਖਚਾ ਖੱਚ ਭਰੇ ਹਾਲ ਵਿੱਚ ਅਨੀਤਾ ਸ਼ਬਦੀਸ਼ ਨੇ ਔਰਤ ਜਾਤੀ ਤੇ ਹੁੰਦੇ ਜੁਲਮਾਂ ਦੀ ਦਾਸਤਾਂ ਬਿਆਨ ਕਰਦੇ ਨਾਟਕ “ਮਨ ਮਿੱਟੀ ਦਾ ਬੋਲਿਆ” ਖੇਡ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਉੱਥੇ ਦਰਸ਼ਕਾਂ ਨੂੰ ਸੋਚਣ ਲਈ ਵੀ ਮਜਬੂਰ ਕੀਤਾ ਕਿ ਅੱਜ ਦੀ 21ਵੀਂ ਸਦੀ ਵਿੱਚ ਕਿਵੇਂ ਔਰਤ ਤੇ ਸਮੇਂ ਦੀ ਸਰਕਾਰਾਂ ਜੁਲਮ ਕਰ ਰਹੀਆਂ ਹਨ । ਨਾਟਕਕਾਰ ਨੇ ਹਾਥਰਸ ਤੋਂ ਮਨੀਪੁਰ ਤੱਕ ਜੋ ਔਰਤਾਂ ਤੇ ਜ਼ੁਲਮ ਕੀਤਾ ਬਖੂਬੀ ਪੇਸ਼ ਕੀਤਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਐਸੋਸੀਏਸ਼ਨ ਦੇ ਪੀ ਆਰ ਓ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੁੱਖ ਬੁਲਾਰੇ ਸਾਥੀ ਪ੍ਰੀਤਮ ਸਿੰਘ ਰੁਪਾਲ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸੰਘਰਸ਼ੀ ਜੀਵਨ ਤੇ ਵਿਸਤਾਰ ਪੂਰਵਕ ਚਾਨਣਾ ਪਾਇਆ। ਉਹਨਾਂ ਕਿਹਾ ਕਿ ਭਗਤ ਸਿੰਘ ਇੱਕ ਸਧਾਰਨ ਨੌਜਵਾਨ ਨਹੀਂ ਸਗੋਂ ਭਗਤ ਸਿੰਘ ਇੱਕ ਸੱਚੀ ਸੋਚ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸੀ। ਭਗਤ ਸਿੰਘ ਇਸ ਗੱਲ ਤੋਂ ਭਲੀਭਾਂਤੀ ਜਾਨੂ ਸਨ ਕਿ ਆਜ਼ਾਦੀ ਤਾਂ ਅਸੀਂ ਲੈ ਹੀ ਲੈਣੀ ਹੈ ਪਰ ਉਸਨੂੰ ਇੱਕ ਡਰ ਸੀ ਕਿ ਆਜ਼ਾਦੀ ਤੋਂ ਬਾਅਦ ਜੋ ਕਾਲੇ ਅੰਗਰੇਜ਼ਾਂ ਦੇ ਰੂਪ ਵਿੱਚ ਆਗੂ ਸੱਤਾ ਤੇ ਕਾਬਜ ਹੋਣਗੇ ਉਹ ਅੰਗਰੇਜ਼ਾਂ ਨਾਲੋ ਵੀ ਭਾਰਤੀ ਲੋਕਾਂ ਲਈ ਘਾਤਕ ਸਾਬਤ ਹੋਣਗੇ। ਇਹ ਸੱਚ ਹੋ ਨਿਬੜਿਆ ਅੱਜ ਭਾਰਤ ਹਰ ਖੇਤਰ ਵਿੱਚ ਪਛੜਿਆ ਹੋਇਆ ਹੈ। ਦੇਸ਼ ਦੀ 40% ਧਨ ਦੌਲਤ ਤੇ 1% ਪੂੰਜੀਪਤੀਆਂ ਦਾ ਕਬਜ਼ਾ ਹੈ ।ਭਾਰਤ ਵਿੱਚ ਲੋਕ ਰਾਜ ਨਾ ਦੀ ਕੋਈ ਚੀਜ਼ ਨਹੀ। ਰਿਟਾਇਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੌਜੋਵਾਲ ਨੇ ਕਿਹਾ ਕਿ ਭਗਤ ਸਿੰਘ ਅੱਜ ਵੀ ਸਾਡਾ ਮਾਰਗ ਦਰਸ਼ਕ ਹੈ ਅਸਲ ਵਿੱਚ ਦੇਸ਼ ਭਗਤੀ ਦੀ ਗੁੜਤੀ ਭਗਤ ਸਿੰਘ ਨੂੰ ਆਪਣੇ ਪ੍ਰਵਾਰ ਤੋਂ ਹੀ ਮਿਲੀ ਸੀ। ਪਿਤਾ, ਚਾਚੇ, ਤਾਏ ਸਾਰੇ ਹੀ ਆਜ਼ਾਦੀ ਸੰਗਰਾਮ ਦੇ ਯੋਧੇ ਸਨ । ਇਹਨਾਂ ਤੇ ਕਈਆਂ ਨੇ ਇਨਕਲਾਬੀ ਗੀਤ ਤੇ ਕਵਿਤਾਵਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਦਵਿੰਦਰ ਕੌਰ ਢਿੱਲੋਂ, ਬਲਵਿੰਦਰ ਸਿੰਘ ਢਿੱਲੋ, ਜਗਤਾਰ ਸਿੰਘ ਜੋਗਾ, ਡਾਕਟਰ ਸੁਰਿੰਦਰ ਸਿੰਘ ਗਿੱਲ ਅਤੇ ਗੁਰਮੇਲ ਸਿੰਘ ਮੌਜੋਵਾਲ ਨੇ ਇਨਕਲਾਬੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ।
ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਖੰਗੂੜਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਇਸ ਸਮੇਂ ਰਿਟਾਇਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਅਹੁਦੇਦਾਰ ਸਾਥੀ ਡੀ ਪੀ ਹੁਸ਼ਿਆਰਪੁਰੀ, ਗੁਰਮੇਲ ਸਿੰਘ ਗਰਚਾ, ਚਰਨ ਸਿੰਘ ਲਖਨਪੁਰ, ਬਹਾਦਰ ਸਿੰਘ, ਗੁਰਮੇਲ ਸਿੰਘ, ਬਾਲ ਕ੍ਰਿਸ਼ਨ, ਨਰਿੰਦਰ ਸਿੰਘ ਬਾਠ, ਹਰਦੇਵ ਸਿੰਘ ਕਲੇਰ, ਹਰਿੰਦਰ ਪਾਲ ਸਿੰਘ ਹੈਰੀ, ਸਵਰਨ ਕੌਰ, ਊਸ਼ਾ ਚੋਪੜਾ ਅਤੇ ਹਰਮਿੰਦਰ ਕੌਰ ਹਾਜ਼ਰ ਸਨ। ਪ੍ਰੋ: ਹਰਪਾਲ ਸਿੰਘ ਅਤੇ ਬਿਮਲਾ ਨੈਨਵਾਲ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਸਟੇਜ ਸਕੱਤਰ ਦੀ ਸੇਵਾ ਅਮਰਜੀਤ ਕੌਰ ਨੇ ਬਾਖੂਬੀ ਨਿਭਾਈ ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਨੇ ਹਾਲ ਵਿੱਚ ਮੌਜੂਦ ਸਾਰੇ ਸਾਥੀਆਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ਤੇ ਨਾਟਕਕਾਰ ਅਨੀਤਾ ਸ਼ਬਦੀਸ਼ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।