ਮੋਹਾਲੀ, 30 ਅਗਸਤ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਸਰਕਾਰ ਵੱਲੋਂ ਬਾਸਮਤੀ ਚੌਲਾਂ ਦੀ ਬਰਾਮਦ ਵਿੱਚ ਰੁਕਾਵਟ ਪਾਉਣ ਵਾਲੇ ਕੁੱਝ ਕੀਟਨਾਸ਼ਕਾਂ ਦੀ ਵਿਕਰੀ ਅਤੇ ਵਰਤੋਂ ਉਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਨਿਰਦੇਸ਼ ਬਾਸਮਤੀ ਚੌਲਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਕਿਸਾਨਾਂ ਦੇ ਪੱਖ ਵਿੱਚ ਜਾਰੀ ਕੀਤੇ ਗਏ ਹਨ।
ਜ਼ਿਲ੍ਹੇ ਦੇ ਸਮੂਹ ਕਿਸਾਨਾਂ ਅਤੇ ਕੀਟਨਾਸ਼ਕ ਡੀਲਰਾਂ/ਵਿਕ੍ਰੇਤਾਵਾਂ ਲਈ ਇਹ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਖੇਤੀਬਾੜੀ ਅਫਸਰ, ਐੱਸ.ਏ.ਐੱਸ ਨਗਰ ਨੇ ਦੱਸਿਆ ਕਿ ਇਨ੍ਹਾਂ ਕੀਟਨਾਸ਼ਕਾਂ ਵਿੱਚ ਐਸੀਫੇਟ, ਪ੍ਰੋਪੀਕੋਨਾਜ਼ੋਲ, ਥਾਇਆਮਿਥੋਕਸਮ, ਬੁਪਰੋਫੇਜਿਨ, ਪਰੋਫੀਨੋਫੋਸ, ਇਮਿਡਾਕਲੋਪਰੀਡ, ਕਾਰਬੈਡਿਜਮ, ਕਲੋਰਪਾਈਰੀਫਾਸ, ਹੈਕਸਾਕੋਨਾਜੋਲ, ਟਰਾਈਸਾਈਕਲਾਜ਼ੋਲ ਵਰਗੇ ਕੀਟਨਾਸ਼ਕਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੀਟਨਾਸ਼ਕਾਂ ’ਤੇ ਪੰਜਾਬ ਵਿੱਚ 60 ਦਿਨਾਂ ਦੀ ਮਿਆਦ ਲਈ ਪਾਬੰਦੀ ਲਗਾਈ ਗਈ ਹੈ ਤਾਂ ਜੋ ਬਿਨਾਂ ਕਿਸੇ ਰਹਿੰਦ-ਖੂੰਹਦ ਦੇ ਵਧੀਆ ਗੁਣਵੱਤਾ ਵਾਲੇ ਬਾਸਮਤੀ ਚੌਲ ਪੈਦਾ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਮਾਹਿਰਾਂ ਅਨੁਸਾਰ ਇਨ੍ਹਾਂ ਖੇਤੀ ਰਸਾਇਣਾਂ ਦੀ ਵਰਤੋਂ ਕਰਨ ਨਾਲ ਬਾਸਮਤੀ ਚੌਲਾਂ ਵਿੱਚ ਨਿਰਧਾਰਿਤ ‘ਮੈਕਸੀਮਮ ਰੈਜ਼ੀਡਿਊਲ ਲੈਵਲ’ (ਐਮ ਆਰ ਐਲ) ਤੋਂ ਵੱਧ ਕੀਟਨਾਸ਼ਕ ਰਹਿੰਦ-ਖੂੰਹਦ ਹੋਣ ਦਾ ਖਤਰਾ ਹੈ। ਇਸ ਲਈ ਇਹ ਵਿਰਾਸਤੀ ਬਾਸਮਤੀ ਉਪਜ ਨੂੰ ਬਚਾਉਣ ਅਤੇ ਬਾਸਮਤੀ ਚੌਲਾਂ ਦੀ ਦੂਜੇ ਦੇਸ਼ਾਂ ਨੂੰ ਬਰਾਮਦ ਯਕੀਨੀ ਬਣਾਉਣ ਲਈ ਇਨ੍ਹਾਂ ਖੇਤੀ ਰਸਾਇਣਾਂ ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਉਪਜ ਦਾ ਵੱਧ ਮੁੱਲ ਮਿਲ ਸਕੇ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇ।
ਡਾ. ਗੁਰਮੇਲ ਸਿੰਘ ਨੇ ਕੀਟਨਾਸ਼ਕ ਵਿਕ੍ਰੇਤਾਵਾਂ ਅਤੇ ਬਾਸਮਤੀ ਉਤਪਦਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੀਟਨਾਸ਼ਕਾਂ ਦੀ ਵਿਕਰੀ/ਵਰਤੋਂ ਬਾਸਮਤੀ ਦੀ ਫ਼ਸਲ ਲਈ ਨਾ ਕੀਤੀ ਜਾਵੇ। ਜੇਕਰ ਕੋਈ ਕਿਸਾਨ ਇਨ੍ਹਾਂ ਕੀਟਨਾਸ਼ਕਾਂ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਪੀ.ਏ.ਯੂ ਲੁਧਿਆਣਾ ਵੱਲੋਂ ਸ਼ਿਫ਼ਾਰਿਸ਼ ਕੀਤੀਆਂ ਬਦਲਵੀਆਂ ਰਸਾਇਣਾਂ ਦਿੱਤੀਆ ਜਾਣ।