Breaking News

ਸਿੱਖਿਆ ਵਿਭਾਗ ਵੱਲੋਂ ‘ਉਲਾਸ’ ਨੂੰ ਲਾਗੂ ਕਰਨ ਲਈ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ

ਐਸ.ਏ.ਐਸ ਨਗਰ, 17 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਕੇਂਦਰ ਸਰਕਾਰ ਵੱਲੋਂ ਸਪਾਂਸਰ ਕੀਤੇ ਪ੍ਰੋਗਰਾਮ ‘ਉਲਾਸ’ (ਅੰਡਰਸਟੈਂਡਿੰਗ ਲਾਈਫਲੌਂਗ ਲਰਨਿੰਗ ਫਾਰ ਆਲ ਇਨ ਸੋਸਾਇਟੀ) ਨੂੰ ਪੰਜਾਬ ਵਿੱਚ ਹੇਠਲੇ ਪੱਧਰ ਤੱਕ ਲਾਗੂ ਕਰਨ ਲਈ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਰਾਜ ਭਰ ਦੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ (ਡਾਇਟ) ਦੇ ਵਿਦਿਆਰਥੀਆਂ ਤੇ ਸਟਾਫ ਨੇ ਭਾਗ ਲਿਆ।

ਸਮਾਗਮ ਦੌਰਾਨ ਇਸ ਪ੍ਰੋਗਰਾਮ ਦੇ ਉਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਪ੍ਰਦਰਸ਼ਨੀਆਂ ਦਾ ਸਟਾਲ ਲਗਾਇਆ ਗਿਆ। ਲੈਕਚਰਾਂ ਅਤੇ ਪੈਨਲ ਚਰਚਾਵਾਂ ਰਾਹੀਂ ਸਮੁੱਚੇ ਪ੍ਰੋਗਰਾਮ ਦੇ ਉਦੇਸ਼ਾਂ ਅਤੇ ਟੀਚਿਆਂ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ‘ਉਲਾਸ’ ਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ (ਰਾਸ਼ਟਰੀ ਸਿੱਖਿਆ ਨੀਤੀ) 2020 ਦੀਆਂ ਸਿਫ਼ਾਰਸ਼ਾਂ ਨੂੰ ਪੂਰਾ ਕਰਨਾ ਹੈ ਤਾਂ ਜੋ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਨ੍ਹਾਂ ਬਾਲਗਾਂ ਲਈ ਸਿੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਜੋ ਸਕੂਲੀ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ।

ਉਲਾਸ ਕੋਆਰਡੀਨੇਟਰ ਸੁਰਿੰਦਰ ਕੁਮਾਰ ਨੇ ਮੁੱਢਲੀ ਰਸਮੀ ਸਿੱਖਿਆ ਪ੍ਰਾਪਤ ਕਰਨ ਤੋਂ ਅਸਫ਼ਲ ਰਹਿਣ ਵਾਲੇ ਬਾਲਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੇ ਯੋਗ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਉਹ ਵੀ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਣ।

ਡਾਇਰੈਕਟਰ ਐਸ.ਸੀ.ਈ.ਆਰ.ਟੀ., ਅਮਨਿੰਦਰ ਕੌਰ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਸ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ। ਹਾਜ਼ਰ ਡਾਇਟ ਸੰਸਥਾਂਵਾਂ ਦੇ ਸਿਖਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ, ਪੀ ਪੀ ਟੀ ਪ੍ਰਤੀਯੋਗਿਤਾ ਅਤੇ ਸਟਾਲ ਪ੍ਰਦਰਸ਼ਨੀ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚੋਂ ਸਭਿਆਚਾਰਕ ਮੁਕਾਬਲੇ ਵਿੱਚ ਡਾਇਟ ਫਤਹਿਗੜ੍ਹ ਸਾਹਿਬ ਨੇ ਪਹਿਲਾ, ਡਾਇਟ ਅੰਮ੍ਰਿਤਸਰ ਨੇ ਦੂਜਾ ਜਦਕਿ ਡਾਇਟ ਫਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਪੀ ਪੀ ਟੀ ਮੁਕਾਬਲੇ ਵਿੱਚ ਡਾਇਟ ਅੰਮ੍ਰਿਤਸਰ ਨੇ ਪਹਿਲਾ, ਡਾਇਟ ਪਟਿਆਲਾ ਨੇ ਦੂਜਾ ਅਤੇ ਡਾਇਟ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ।ਸਟਾਲ ਮੁਕਾਬਲੇ ਵਿੱਚ ਡਾਇਟ ਫਤਿਹਗੜ੍ਹ ਸਾਹਿਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਡਾਇਟ ਅੰਮ੍ਰਿਤਸਰ ਨੇ ਦੂਜਾ ਅਤੇ ਡਾਇਟ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਵਿਨੇ ਬੁਬਲਾਨੀ ਅਤੇ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਪਰਮਿੰਦਰ ਪਾਲ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *