ਸਿੱਖਿਆ ਬੋਰਡ ‘ਚ 15-20 ਸਾਲਾਂ ਤੋਂ ਕੰਮ ਕਰਦੇ ਡੇਲੀਵੇਜ ਕਾਮਿਆਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਦਾ ਐਲਾਨ : ਚੰਦਰ ਸ਼ੇਖਰ
ਮੋਹਾਲੀ, 29 ਜੂਨ, ਪੰਜਾਬੀ ਦੁਨੀਆ ਬਿਊਰੋ:
ਅੱਜ ਇੱਥੇ ਸੈਸ਼ਟਰ ਆਫ਼ ਇੰਡੀਅਨ ਟਰੇਡ ਯੂਨੀਅਨਜ ਸੀਟੂ ਦੀ ਆਲ ਇੰਡੀਆ ਸਕੱਤਰ ਭੈਣ ਊਸ਼ਾ ਰਾਣੀ, ਸੂਬਾ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਅਤੇ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਸਾਂਝੇ ਬਿਆਨ ਵਿੱਚ ਸੀਟੂ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਂਉਦੀ 2 ਜੁਲਾਈ ਨੂੰ ਸਵੇਰੇ 10 ਵਜੇ ਤੱਕ ਫੇਜ਼-8 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਪਹੁੰਚਣਾ ਯਕੀਨੀ ਬਣਾਉਣ।
ਸੀਟੂ ਦੀ ਸੂਬਾ ਕਮੇਟੀ ਵੱਲੋਂ ਬੋਰਡ ਦੇ 15-20 ਸਾਲਾਂ ਤੋਂ ਡੇਲੀ ਵੇਜ ਵਰਕਰਜ ਵਜੋਂ ਕੰਮ ਕਰਦੇ ਕਾਮਿਆਂ ਨੂੰ ਪੰਜਾਬ ਸਰਕਾਰ ਵੱਲੋਂ ਤੈਅਸ਼ੁਦਾ ਘੱਟੋ-ਘੱਟ ਉਜ਼ਰਤਾਂ ਦੀ ਅਦਾਇਗੀ ਕਰਵਾਉਣ, ਸਫ਼ਾਈ ਮਜ਼ਦੂਰ ਯੂਨੀਅਨ ਦੇ ਬਰਖਾਸਤ ਕੀਤੇ ਆਗੂਆਂ ਨੂੰ ਬਹਾਲ ਕਰਾਉਣ, ਗੈਰ ਕਾਨੂੰਨੀ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਵਾ ਕੇ ਉਨ੍ਹਾਂ ਨੂੰ ਰੈਗੂਲਰ ਕਰਵਾਉਣ, ਉਨ੍ਹਾਂ ਦੇ ਬਣਦੇ ਲਾਭ, ਜਿਵੇਂ ਪ੍ਰਾਵੀਡੈਂਟ ਫੰਡ, ਈ.ਐਸ.ਆਈ, ਗਰੈਚੁਟੀ, ਬੋਨਸ ਆਦਿ ਮੰਗਾਂ ਮੰਨਵਾਉਣ ਲਈ ਲੰਮੇ ਸਮੇਂ ਤੋਂ ਲੜੀ ਜਾ ਰਹੀ ਲੜਾਈ ਵਿੱਚ ਸੀਟੂ ਵੱਲੋਂ ਭਰਵੇਂ ਸਮਰਥਨ ਦਾ ਅਰੰਭ ਕੀਤਾ ਜਾਵੇਗਾ।
ਸੀਟੂ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬਾਅਦ ਵਿੱਚ ਧਰਨਾਕਾਰੀ ਪ੍ਰਦਰਸ਼ਨ ਦੇ ਰੂਪ ਵਿੱਚ ਫੇਜ਼-10 ਵਿੱਚ ਸਥਿਤ ਪੰਜਾਬ ਦੇ ਕਿਰਤ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੇ। ਲੇਬਰ ਕਮਿਸ਼ਨਰ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਵੱਲੋਂ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਵਿਰੁੱਧ ਸਖ਼ਤ ਅਤੇ ਠੋਸ ਕਦਮ ਚੁੱਕੇ , ਘੱਟੋ-ਘੱਟ ਉਜ਼ਰਤਾਂ ਵਿਚ ਰੋਕੀ ਹੋਈ ਮਹਿੰਗਾਈ ਭੱਤੇ ਦੀ ਕਿਸ਼ਤ ਫੌਰੀ ਜਾਰੀ ਕਰੇ, ਘੱਟੋ- ਘੱਟ ਉਜ਼ਰਤਾਂ ਦੇ ਵਾਧੇ ਨੂੰ ਯਕੀਨੀ ਬਣਾਵੇ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਖੇਤ ਮਜ਼ਦੂਰਾਂ ਦੇ ਬਰਾਬਰ 430.70 ਰੁਪਏ ਕਰਨ ਦਾ ਐਲਾਨ ਕਰੇ, ਕਿਰਤੀਆਂ ਲਈ ਬਣੀਆਂ ਤਿੰਨ ਧਿਰੀ ਕਮੇਟੀਆਂ ਦੀਆਂ ਮੀਟਿੰਗਾਂ ਯਕੀਨੀ ਬਣਾਵੇ, ਨਿਰਮਾਣ ਮਜ਼ਦੂਰਾਂ ਦੇ ਲਾਭਾਂ ਵਿੱਚ ਕੀਤੀਆਂ ਕਟੌਤੀਆਂ ਰੱਦ ਕਰੇ, ਆਂਗਨਵਾੜੀ, ਮਿਡ -ਡੇ-ਮੀਲ, ਆਸ਼ਾ ਵਰਕਰਾਂ ਨੂੰ ਸੁਪਰੀਮ ਕੋਰਟ ਵੱਲੋਂ ਲਾਗੂ ਕੀਤੀ ਗ੍ਰੈਚਿਉਟੀ ਨੂੰ ਲਾਗੂ ਕਰੇ, 4 ਲੇਬਰ ਕੋਡਜ ਉੱਤੇ ਅਮਲ ਨੂੰ ਰੋਕਣ ਦਾ ਐਲਾਨ ਕਰੇ, ਫੂਡ ਦੀਆਂ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਬੰਦ ਕਰਨ ਦਾ ਐਲਾਨ ਕਰੇ , ਪੇਂਡੂ ਚੌਕੀਦਾਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਸ਼ਾਮਲ ਕਰਨ ਦਾ ਐਲਾਨ ਕਰੇ ਅਤੇ ਹੋਰਨਾਂ ਭਖਦੀਆਂ ਮੰਗਾਂ ਦੀ ਪੂਰਤੀ ਲਈ ਮੰਗ ਕੀਤੀ ਜਾਵੇਗੀ।
ਸੀਟੂ ਦੇ ਸੂਬਾਈ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਦੋਵੇਂ ਅਦਾਰਿਆਂ ਦੇ ਅਧਿਕਾਰੀਆਂ ਦਾ ਰਵੱਈਆ ਦੇਖ ਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।