
ਮੋਹਾਲੀ, 16 ਜੂਨ, ਪੰਜਾਬੀ ਦੁਨੀਆ ਬਿਊਰੋ :
ਜ਼ਿਲ੍ਹਾ ਮੋਹਾਲੀ ਦੇ ਪਿੰਡ ਸਹੌੜਾਂ ਦੇ ਇਕ ਸਧਾਰਨ ਪਰਿਵਾਰ ਵਿੱਚ ਜਨਮੇ ਅਥਲੀਟ ਹਰਪ੍ਰੀਤ ਸਿੰਘ ਨੇ ਬੈਂਗਲੁਰੂ ਵਿੱਚ ਹੋਏ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇੰਡੀਅਨ ਗ੍ਰੈਂਡ ਪ੍ਰਿਕਸ-3 ਮੁਕਾਬਲੇ ਵਿੱਚ ਸੂਬੇ ਦੀ ਪ੍ਰਤੀਨਿਧਤਾ ਕਰਦਿਆਂ ਤਿੰਨ ਹਜ਼ਾਰ ਮੀਟਰ ਦੌੜ 8.15 ਮਿੰਟ ਵਿੱਚ ਪੂਰੀ ਕਰਕੇ ਇਸ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਉਸ ਨੇ ਦੱਸਿਆ ਕਿ ਇਹ ਪ੍ਰਾਪਤੀ ਉਸ ਦੇ ਐੱਨਆਈਐੱਸ ਕੋਚ ਰਾਮਾ ਸ਼ੰਕਰ ਵੱਲੋਂ ਦਿੱਤੀ ਅਗਵਾਈ ਅਤੇ ਉਸ ਦੀ ਖ਼ੁਦ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੇਰੀ ਇਸ ਉਪਲੱਬਧੀ ਵਿੱਚ ਮੇਰੇ ਮਾਤਾ ਦੀ ਪ੍ਰੇਰਨਾ ਅਤੇ ਦੋਸਤਾਂ-ਮਿਤਰਾਂ ਦੀ ਹੱਲਾਸ਼ੇਰੀ ਸ਼ਾਮਲ ਹੈ।
ਹਰਪ੍ਰੀਤ ਨੇ ਦੱਸਿਆ ਕਿ ਇਸ ਜਿੱਤ ਨਾਲ ਉਸ ਦੀ ਥਾਂ ਹੁਣ ਜੂਨ ਦੇ ਅਖੀਰ ਵਿੱਚ ਹੋਣ ਵਾਲੀ ਇੰਟਰ-ਸਟੇਟ ਕੌਮੀ ਚੈਂਪੀਅਨਸ਼ਿੱਪ ਲਈ ਪੱਕੀ ਹੋ ਗਈ ਹੈ। ਉਸ ਨੇ ਕਿਹਾ ਕਿ ਤਗ਼ਮਾ ਹਾਸਲ ਕਰਕੇ ਪੰਜਾਬ ਤੇ ਇਲਾਕੇ ਦਾ ਨਾਂ ਰੌਸ਼ਨ ਕਰੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਈ ਨਾਮੀ ਕੰਪਨੀਆਂ ਅਤੇ ਸੁਰੱਖਿਆ ਬਲਾਂ ਵੱਲੋਂ ਨੌਕਰੀ ਦੀ ਪੇਸ਼ਕਸ ਕੀਤੀ ਗਈ ਹੈ, ਜਿਸ ਬਾਰੇ ਉਹ ਅਪਣੇ ਕੋਚ ਅਤੇ ਨਿੱਜੀ ਮਿੱਤਰਾਂ ਨਾਲ ਸਲਾਹ ਮਸ਼ਵਰਾ ਕਰਕੇ ਫੈਸਲਾ ਲਵੇਗਾ।