Breaking News
Dashmesh GS Electricals Verka Smart Media Insurance Point Tav Prasad

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਹੋਏ ਗੁਰਵਿੰਦਰ ਸਿੰਘ ਕਤਲ ਮਾਮਲੇ ‘ਚ ਵੱਡੀ ਸਫ਼ਲਤਾ, 2 ਦੋਸ਼ੀ ਗ੍ਰਿਫ਼ਤਾਰ

ਵਾਰਦਾਤ ਵਿੱਚ ਵਰਤੀ ਗਈ ਪਲਸਰ ਮੋਟਰਸਾਈਕਲ ਅਤੇ ਹੋਂਡਾ ਅਮੇਜ਼ ਕਾਰ ਵੀ ਬਰਾਮਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਫਰਵਰੀ, ਅਮਨਦੀਪ ਸਿੰਘ :

ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਐੱਸ.ਏ.ਐੱਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 28.01.2026 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਹੋਏ ਗੁਰਵਿੰਦਰ ਸਿੰਘ ਕਤਲ ਮਾਮਲੇ ਸਬੰਧੀ ਦਰਜ ਮੁੱਕਦਮਾ ਨੰਬਰ 23 ਮਿਤੀ 28.01.2026, ਅਧੀਨ ਧਾਰਾਵਾਂ 103(1), 109, 3(5) ਬੀ.ਐਨ.ਐੱਸ. ਅਤੇ 25 ਆਰਮਜ਼ ਐਕਟ, ਥਾਣਾ ਸੋਹਾਣਾ, ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ।

ਉਨ੍ਹਾਂ ਦੱਸਿਆ ਕਿ ਇਹ ਮੁੱਕਦਮਾ ਅਮਰਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਦੇ ਬਿਆਨ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਬਿਆਨ ਦਿੱਤਾ ਸੀ ਕਿ ਮਿਤੀ 28.01.2026 ਨੂੰ ਉਹ ਆਪਣੇ ਪਤੀ ਨਾਲ ਆਈ-20 ਕਾਰ ਨੰਬਰ PB-65-AS-2482 ਵਿੱਚ ਅਦਾਲਤੀ ਪੇਸ਼ੀ ਲਈ ਕੋਰਟ ਕੰਪਲੈਕਸ, ਮੋਹਾਲੀ ਆਏ ਸਨ। ਉਨ੍ਹਾਂ ਆਪਣੀ ਕਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ ਏ.ਸੀ.ਸੀ. ਸੋਸਾਇਟੀ ਦੇ ਬਾਹਰ ਖੜ੍ਹੀ ਕੀਤੀ ਸੀ। ਅਦਾਲਤੀ ਪੇਸ਼ੀ ਤੋਂ ਬਾਅਦ ਕਰੀਬ ਦੁਪਹਿਰ 03:00 ਵਜੇ, ਜਦੋਂ ਉਹ ਆਪਣੀ ਕਾਰ ਦੇ ਨੇੜੇ ਪਹੁੰਚੇ, ਤਾਂ ਇੱਕ ਅਣਪਛਾਤੇ ਵਿਅਕਤੀ ਨੇ ਗੁਰਵਿੰਦਰ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਗੁਰਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ ਉਸ ਨੂੰ ਪੂਰਾ ਸ਼ੱਕ ਹੈ ਕਿ ਇਹ ਕਤਲ ਗੋਲਡੀ ਬਰਾੜ ਵੱਲੋਂ ਹੀ ਕਰਵਾਇਆ ਗਿਆ ਹੈ।

ਐਸ ਐਸ ਪੀ ਨੇ ਅੱਗੇ ਕਿਹਾ ਕਿ ਮੁੱਕਦਮੇ ਦੀ ਤਫ਼ਤੀਸ਼ ਦੌਰਾਨ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਵੱਲੋਂ ਵਰਤੇ ਗਏ ਭੱਜਣ ਦੇ ਰਸਤੇ ਦੀ ਜਾਂਚ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋ ਅਣਪਛਾਤੇ ਦੋਸ਼ੀ ਕਾਲੇ ਰੰਗ ਦੀ ਬਜਾਜ ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਵਿੱਚੋਂ ਇੱਕ ਦੋਸ਼ੀ ਨੇ ਗੁਰਵਿੰਦਰ ਸਿੰਘ ਨੂੰ ਉਸ ਦੀ ਕਾਰ ਦੇ ਨੇੜੇ ਘੇਰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਦੋਵੇਂ ਦੋਸ਼ੀ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਸੀ.ਸੀ.ਟੀ.ਵੀ. ਕੈਮਰਿਆਂ ਦੀ ਡੂੰਘੀ ਜਾਂਚ ਦੌਰਾਨ ਪਤਾ ਲੱਗਿਆ ਕਿ ਰਸਤੇ ਵਿੱਚ ਦੋਸ਼ੀਆਂ ਨੂੰ ਚਿੱਟੇ ਰੰਗ ਦੀ ਹੋਂਡਾ ਅਮੇਜ਼ ਕਾਰ ਮਿਲੀ, ਜਿੱਥੇ ਇੱਕ ਦੋਸ਼ੀ ਮੋਟਰਸਾਈਕਲ ਤੋਂ ਉਤਰ ਕੇ ਕਾਰ ਵਿੱਚ ਸਵਾਰ ਹੋ ਗਿਆ ਅਤੇ ਦੋਸ਼ੀਆਂ ਨੇ ਆਪਣੇ ਕੱਪੜੇ ਵੀ ਬਦਲੇ। ਅਗਲੀ ਜਾਂਚ ਦੌਰਾਨ ਦੋਵੇਂ ਵਾਹਨਾਂ ਦੀ ਪਛਾਣ ਕਰ ਲਈ ਗਈ।

ਦੋਸ਼ੀਆਂ ਦੀ ਭਾਲ ਅਤੇ ਗ੍ਰਿਫ਼ਤਾਰੀ: ਤਕਨੀਕੀ, ਵਿਗਿਆਨਿਕ ਅਤੇ ਮਨੁੱਖੀ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਵਿਸਤ੍ਰਿਤ ਜਾਂਚ ਤੋਂ ਇਹ ਸਾਹਮਣੇ ਆਇਆ ਕਿ ਇਹ ਜੁਰਮ ਵਿਦੇਸ਼ ਵਿੱਚ ਬੈਠੇ ਸੁੰਗਠਿਤ ਅਪਰਾਧੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਵੱਲੋਂ ਆਪਣੇ ਸਾਥੀਆਂ ਵਿੱਕੀ ਸਿੰਘ ਉਰਫ਼ ਵਿੱਕੀ ਸੱਟੇਵਾਲਾ ਪੁੱਤਰ ਰਾਮ ਸਿੰਘ ਅਤੇ ਰਵੀ ਕੁਮਾਰ ਉਰਫ਼ ਰਵੀ ਫਰੀਦਕੋਟੀਆ ਪੁੱਤਰ ਬੋਰੀ ਲਾਲ ਨਾਲ ਮਿਲ ਕੇ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਗਿਆ।ਜਾਂਚ ਦੌਰਾਨ ਬਲਤੇਜ ਸਿੰਘ ਉਰਫ਼ ਬੰਟੀ ਪੁੱਤਰ ਪਾਲ ਸਿੰਘ, ਵਾਸੀ ਪਿੰਡ ਤੇਹਣਾ, ਜ਼ਿਲ੍ਹਾ ਫਰੀਦਕੋਟ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਮਿਤੀ 02.02.2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਹੋਂਡਾ ਅਮੇਜ਼ ਕਾਰ ਨੰਬਰ UP-14-CD-6847 ਦਾ ਡਰਾਈਵਰ ਸੀ, ਜਿਸ ਦੇ ਆਧਾਰ ’ਤੇ ਉਕਤ ਕਾਰ ਬਰਾਮਦ ਕਰ ਲਈ ਗਈ।

ਅੱਗੇ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਕਿ ਮੰਗਤ ਸਿੰਘ ਉਰਫ਼ ਮੈਕਸ ਪੁੱਤਰ ਦੀਵਾਨ ਸਿੰਘ, ਵਾਸੀ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਨੇ ਦੋਸ਼ੀਆਂ ਨੂੰ ਲੋਜਿਸਟਿਕ ਸਹਾਇਤਾ ਦਿੱਤੀ ਅਤੇ ਵਾਰਦਾਤ ਵਿੱਚ ਵਰਤੇ ਗਏ ਦੋਵੇਂ ਵਾਹਨ ਉਪਲਬਧ ਕਰਵਾਏ। ਉਸ ਨੂੰ ਮਿਤੀ 03.02.2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਖੁਲਾਸੇ ਦੇ ਆਧਾਰ ’ਤੇ ਬਜਾਜ ਪਲਸਰ ਮੋਟਰਸਾਈਕਲ ਨੰਬਰ PB-22-D-5444 ਵੀ ਬਰਾਮਦ ਕਰ ਲਈ ਗਈ ਹੈ।

Leave a Reply

Your email address will not be published. Required fields are marked *