
ਮੋਹਾਲੀ, 22 ਜਨਵਰੀ, ਅਮਨਦੀਪ ਸਿੰਘ :
ਸ੍ਰੀ ਗੁਰੂ ਰਵਿਦਾਸ ਭਵਨ, ਫੇਜ਼-7, ਮੋਹਾਲੀ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਸਭਾ ਦੇ ਪ੍ਰਧਾਨ ਸ੍ਰ: ਬਖਸ਼ੀਸ਼ ਸਿੰਘ ਰੰਗੜ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਵਿਸ਼ਾਲ ਨਗਰ ਕੀਰਤਨ 30 ਜਨਵਰੀ 2026 ਦਿਨ ਸ਼ੁੱਕਰਵਾਰ ਅਤੇ ਮਹਾਨ ਕੀਰਤਨ ਦਰਬਾਰ 1 ਫਰਵਰੀ, 2026 ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ।
ਸਭਾ ਦੇ ਜਨਰਲ ਸਕੱਤਰ ਸ੍ਰ: ਮਨਜੀਤ ਸਿੰਘ ਮਾਨ ਜੀ ਵੱਲੋਂ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਦੱਸਿਆ ਗਿਆ ਕਿ 30 ਜਨਵਰੀ 2026 ਦਿਨ ਸ਼ੁੱਕਰਵਾਰ ਨੂੰ ਸਵੇਰੇ 10.00 ਵਜੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਇਸ ਉਪਰੰਤ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਦੁਪਿਹਰ 1.00 ਵਜੇ ਹੋਵੇਗੀ। ਨਗਰ ਕੀਤਰਨ ਸ੍ਰੀ ਗੁਰੂ ਰਵਿਦਾਸ ਭਵਨ, ਫੇਜ਼-7, ਮੋਹਾਲੀ ਤੋਂ ਅਰੰਭ ਹੋਵੇਗਾ ਅਤੇ ਫੇਜ਼ 3ਬੀ-2, ਫੇਜ਼-4-5, ਫੇਜ 1-2 ਅਤੇ ਫੇਜ 3 ਬੀ-1 ਤੋਂ ਹੁੰਦਾ ਹੋਇਆ ਸ੍ਰੀ ਗੁਰੂ ਰਵਿਦਾਸ ਭਵਨ, ਫੇਜ਼-7, ਮੋਹਾਲੀ ਵਿਖੇ ਸਮਾਪਤ ਹੋਵੇਗਾ।
ਸਭਾ ਦੇ ਪ੍ਰੈਸ ਸਕੱਤਰ ਸ੍ਰੀ ਡੀ.ਪੀ. ਹੁਸ਼ਿਆਰਪੁਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਫਰਵਰੀ, 2026 ਦਿਨ ਐਤਵਾਰ ਨੂੰ 10-00 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ 10.30 ਵਜੇ ਸੁਰੂ ਹੋਵੇਗਾ। ਜਿਸ ਵਿੱਚ ਪ੍ਰਸਿੱਧ ਰਾਗੀ ਜਥੇ ਆਪਣੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਮੌਕੇ ਸਮਾਗਮ ਵਿੱਚ ਸ੍ਰ. ਹਰਪਾਲ ਸਿੰਘ ਚੀਮਾਂ, ਵਿੱਤ ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ, ਪੰਜਾਬ ਸਰਕਾਰ ਉਚੇਚੇ ਤੌਰ ਤੇ ਹਾਜਰੀ ਲਗਵਾਉਣਗੇ। ਉਹਨਾਂ ਤੋਂ ਇਲਾਵਾ ਹਲਕਾ ਵਿਧਾਇਕ ਸ੍ਰ. ਕੁਲਵੰਤ ਸਿੰਘ, ਸ: ਬਲਬੀਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ, ਪੰਜਾਬ ਸਰਕਾਰ ਅਤੇ ਸ੍ਰੀ ਟੀ.ਆਰ. ਸਾਰੰਗਲ, ਆਈ.ਏ.ਐਸ. (ਰਿਟਾ:) ਗੁਰੂ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਸਭਾ ਦੇ ਪ੍ਰਧਾਨ ਸ੍ਰ. ਬਖਸ਼ੀਸ਼ ਸਿੰਘ ਰੰਗੜ ਅਤੇ ਜਨਰਲ ਸਕੱਤਰ ਸ੍ਰ: ਮਨਜੀਤ ਸਿੰਘ ਮਾਨ ਵੱਲੋਂ ਆਪਣੇ ਸਾਂਝੇ ਬਿਆਨ ਰਾਹੀਂ ਉਪਰੋਕਤ ਦਰਸਾਏ ਸਮਾਗਮਾਂ ਵਿੱਚ ਗਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤ ਨੂੰ ਬੇਨਤੀ ਕੀਤੀ ਗਈ ਹੈ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਜੀ ਦੇ ਅਤੁੱਟ ਲੰਗਰ ਵਰਤਾਏ ਜਾਣਗੇ।