
* 30 ਅਪ੍ਰੈਲ ਨੂੰ ਸੰਗਰੂਰ ਵਿਖੇ ਹੋਵੇਗੀ ਪ੍ਰੈਸ ਕਾਨਫਰੰਸ।
ਮੋਹਾਲੀ, 29 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਦੋ ਸਾਲਾਂ ਦਾ ਸਮਾਂ ਬੀਤ ਜਾਣ ‘ਤੇ ਵੀ ਆਪ ਦੀ ਪੰਜਾਬ ਸਰਕਾਰ ਵੱਲੋਂ ਜਨਰਲ ਕੈਟਾਗਰੀ ਦੇ ਕਮਿਸ਼ਨ ਦਾ ਚੇਅਰਮੈਨ ਨਾ ਲਾਉਣ ਕਾਰਨ ਜਨਰਲ ਵਰਗ ਦੇ ਵੋਟਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਜਨਰਲ ਵਰਗ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਕਰਕੇ ਜਨਰਲ ਵਰਗ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ 4 ਅਪ੍ਰੈਲ ਨੂੰ ਮੋਹਾਲੀ ਵਿਖੇ ਜਨਰਲ ਵਰਗ ਰਾਜਨੀਤਿਕ ਵਿੰਗ ਦਾ ਗਠਨ ਕੀਤਾ ਗਿਆ ਸੀ।
ਵਿੰਗ ਦੇ ਆਗੂਆਂ ਬਲਬੀਰ ਸਿੰਘ ਫੁੱਗਲਾਣਾ, ਜਸਵੀਰ ਸਿੰਘ ਗੜਾਂਗ ਅਤੇ ਜਗਦੀਸ਼ ਸਿੰਗਲਾ ਨੇ ਦੱਸਿਆ ਕਿ ਵਿੰਗ ਵੱਲੋਂ 4 ਅਪ੍ਰੈਲ ਤੋਂ ਲਗਾਤਾਰ ਵੱਖ-ਵੱਖ ਜਿਲ੍ਹਿਆਂ ਵਿੱਚ ਕਮਿਸ਼ਨ ਦੇ ਚੇਅਰਮੈਨ ਲਾਉਣ ਦੀ ਮੰਗ ਨੂੰ ਲੈ ਕੇ ਪ੍ਰੈਸ ਕਾਨਰੰਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਿਲ੍ਹਾ ਵਾਈਜ਼ ਯੂਨਿਟਾਂ ਦਾ ਗਠਨ ਕੀਤਾ ਜਾ ਰਿਹਾ ਹੈ। ਮੋਹਾਲੀ ਤੋਂ ਸੁਰਿੰਦਰਪਾਲ ਸਿੰਘ ਖੱਟੜਾ, ਫਤਿਹਗੜ੍ਹ ਸਾਹਿਬ ਤੋਂ ਦਿਲਬਾਗ ਸਿੰਘ ਹਿੰਦੂਪੁਰ, ਪਟਿਆਲਾ ਤੋਂ ਅਵਤਾਰ ਸਿੰਘ, ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਭਿੰਡਰ ਅਤੇ ਬਠਿੰਡਾ ਤੋਂ ਕਰਨੈਲ ਸਿੰਘ ਸਰਬ-ਸੰਮਤੀ ਨਾਲ ਜਿਲ੍ਹਾ ਪ੍ਰਧਾਨ ਚੁਣੇ ਗਏ। ਵਿੰਗ ਦੇ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਨਾਲ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਲਗਾਤਾਰ ਪ੍ਰੈਸ ਕਾਨਫਰੰਸਾਂ ਰਾਹੀਂ ਪੰਜਾਬ ਸਰਕਾਰ ਤੋਂ ਜਨਰਲ ਕੈਟਾਗਰੀ ਦੇ ਕਮਿਸ਼ਨ ਦਾ ਚੇਅਰਮੈਨ ਲਾਉਣ ਦੀ ਮੰਗ ਕਰਦੇ ਆ ਰਹੇ ਹਾਂ ਪਰ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਜਾਂ ਨੁਮਾਇੰਦੇ ਨੇ ਵਿੰਗ ਦੇ ਆਗੂਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਵੀ ਨਹੀ ਕੀਤੀ। ਜਿਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਪੰਜਾਬ ਸਰਕਾਰ ਜਨਰਲ ਵਰਗ ਦੇ ਲੋਕਾਂ ਦੀ ਕੱਟੜ ਵਿਰੋਧੀ ਹੈ ਅਤੇ ਜਨਰਲ ਵਰਗ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਅਣਗੌਲਿਆਂ ਕਰਕੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਅਣਗੌਲਿਆਂ ਕਰ ਰਹੀ ਹੈ। ਜਿਸ ਕਾਰਨ ਪੰਜਾਬ ਦੇ ਜਨਰਲ ਵਰਗ ਦੇ ਵੋਟਰਾਂ ਵਿੱਚ ਆਪ ਪਾਰਟੀ ਪ੍ਰਤੀ ਭਾਰੀ ਗੁੱਸਾ ਹੈ।
ਜਨਰਲ ਵਰਗ ਦੇ ਆਗੂਆਂ ਨੇ ਜਨਰਲ ਕੈਟਾਗਰੀ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟਾਂ ਦਾ ਭੁਗਤਾਨ ਆਪ ਪਾਰਟੀ ਦੇ ਉਮੀਦਵਾਰਾਂ ਦੇ ਵਿਰੋਧ ਵਿੱਚ ਕਰਨ ਅਤੇ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਸਵਾਲ ਪੁੱਛਣ ਕੇ ਜਨਰਲ ਕੈਟਾਗਰੀ ਦੇ ਕਮਿਸ਼ਨ ਦਾ ਚੇਅਰਮੈਨ ਲਾਉਣ ‘ਚ ਦੇਰੀ ਕਿਉਂ ਕੀਤੀ ਜਾ ਰਹੀ ਹੈ। ਜਦਕਿ 92 ਸੀਟਾਂ ਜਤਾਉਣ ਵਿੱਚ ਜਨਰਲ ਵਰਗ ਦੇ ਵੋਟਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਪਰ ਸਰਕਾਰ ਵੱਲੋਂ ਜਨਰਲ ਵਰਗ ਦੇ ਮੁਲਾਜ਼ਮਾਂ, ਕਿਸਾਨਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਕੇ ਸਰਕਾਰ ਜਨਰਲ ਵਰਗ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਵੱਖ-ਵੱਖ ਜਿਲ੍ਹਿਆਂ ਵਿੱਚ ਕੀਤੀਆਂ ਜਾ ਰਹੀਆਂ ਕਾਨਫਰੰਸਾਂ ਦੀ ਲੜੀ ਤਹਿਤ 30 ਅਪ੍ਰੈਲ 2024 ਨੂੰ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ।ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਨਰਲ ਕੈਟਾਗਰੀ ਦੇ ਕਮਿਸ਼ਨ ਦਾ ਚੇਅਰਮੈਨ ਤੁਰੰਤ ਲਗਾਇਆ ਜਾਵੇ ਅਤੇ ਦਫਤਰੀ ਅਮਲਾ ਨਿਯੁਕਤ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਵੀ ਰਾਜਨੀਤਿਕ ਪਾਰਟੀ ਕੇਂਦਰ ਵਿੱਚ ਜਨਰਲ ਕੈਟਾਗਰੀ ਕਮਿਸ਼ਨ ਬਣਾਉਣ ਦਾ ਐਲਾਨ ਅਤੇ ਆਪਣੀ ਪਾਰਟੀ ਵਿੱਚ ਜਨਰਲ ਕੈਟਾਗਰੀ ਦੇ ਵਿੰਗ ਸਥਾਪਿਤ ਕਰੇਗੀ, ਉਸ ਪਾਰਟੀ ਦੀ ਮੱਦਦ ਕੀਤੀ ਜਾਵੇਗੀ।