
ਮੋਹਾਲੀ, 27 ਨਵੰਬਰ, ਪੰਜਾਬੀ ਦੁਨੀਆ ਬਿਊਰੋ:
ਬੀਤੀ ਸ਼ਾਮ ਕੌਮਾਂਤਰੀ ਸਾਹਿਤਕ ਮੰਚ (ਰਜਿ:) ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫਸਰ ਦੇ ਸਹਿਯੋਗ ਨਾਲ ਗਜ਼ਲਕਾਰ ਭੁਪਿੰਦਰ ਸਿੰਘ ਬੇਕਸ ਦੀ ਦੂਸਰੀ ਕਾਵਿ ਪੁਸਤਕ “ਚਿੱਟੇ ਪ੍ਰਛਾਵੇਂ” ਲਈ ਸਾਹਿਤਕ ਸਮਾਗਮ ਰਚਾਇਆ ਗਿਆ।
ਪ੍ਰੋਗਰਾਮ ਦਾ ਆਰੰਭ ਭਾਸ਼ਾ ਵਿਭਾਗ ਦੀ ਵਿਭਾਗੀ ਧੁਨ ‘ਧੰਨ ਲਿਖਾਰੀ ਨਾਨਕਾ’ ਨਾਲ ਕੀਤਾ ਗਿਆ। ਇਸ ਤੋਂ ਬਾਅਦ ਗਾਇਕ ਸੁਰਖਾਬ ਨੇ ਕਾਵਿ ਪੁਸਤਕ “ਚਿੱਟੇ ਪ੍ਰਛਾਵੇਂ” ‘ਚੋਂ ਮਿੱਠੀ ਸੁਰਮਈ ਅਤੇ ਬੁਲੰਦ ਅਵਾਜ਼ ਦਾ ਜਾਦੂ ਬਿਖੇਰਦਿਆਂ ਗੀਤ ‘ਆ ਮਿਲ ਰਾਂਝਣਾ’, ਜਗਤਾਰ ਸਿੰਘ ਜੋਗ ਨੇ ਗਜ਼ਲ ‘ਦਿਲ ਦੇ ਮਹਿਰਮ’ ਅਤੇ ਬੀਬਾ ਜਤਿੰਦਰ ਕੌਰ ਨੇ ਟੱਪੇ ਗਾ ਕੇ ਖੂਬ ਰੰਗ ਬੰਨਿਆ।
ਹਾਜ਼ਰ ਕਵੀਆਂ ‘ਤੇ ਅਧਾਰਿਤ ਕਵੀ ਦਰਬਾਰ ਦਾ ਅਗਾਜ਼ ਕਰਦਿਆਂ ਗਜ਼ਲਕਾਰ ਰਮਨ ਸੰਧੂ ਨੇ ਖੂਬਸੂਰਤ ਸ਼ੇਅਰ ਕਹੇ, ਸ਼ਾਇਰ ਸ਼ਬਦੀਸ਼ ਨੇ ਤਰੰਨੁਮ ਵਿੱਚ ਗਜ਼ਲ ਸੁਣਾਈ, ਅਮਰਜੀਤ ਪਟਿਆਲਵੀ ਨੇ ਸ਼ਾਹਿਰਾਨਾ ਅੰਦਾਜ਼ ਵਿੱਚ ਵਧੀਆ ਸ਼ੇਅਰ ਕਹੇ, ਪਿਆਰਾ ਸਿੰਘ ਰਾਹੀ ਨੇ ਗਜ਼ਲ, ਬਾਬੂ ਰਾਮ ਦੀਵਾਨਾ ਨੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਨਜ਼ਮ ਕਹੀ, ਕੁਲਦੀਪ ਦੀਪ ਨੇ ਗੀਤ, ਸਰਵਨ ਸਾਬਰ ਤੇ ਹਰਜੀਤ ਸਿੰਘ ਨੇ ਆਪਣੀ ਹਾਜਰੀ ਲਗਵਾਈ।
ਮੁੱਖ ਮਹਿਮਾਨ ਸ੍ਰ. ਕੁਲਵੰਤ ਸਿੰਘ ਐਮ.ਐਲ.ਏ. ਦੀ ਆਮਦ ‘ਤੇ ਉਹਨਾਂ ਦਾ ਫੁੱਲਾਂ ਨਾਲ ਜੋਸ਼ੋ ਖਰੋਸ਼ ਨਾਲ ਸੁਆਗਤ ਕੀਤਾ ਗਿਆ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸਮਰੱਥ ਕਵੀ ਅਤੇ ਵੱਡੇ ਆਲੋਚਕ ਸ਼੍ਰੀ ਸੁਖਦੇਵ ਸਿੰਘ ਸਿਰਸਾ, ਪ੍ਰੋਫੈਸਰ ਸੁਰਜੀਤ ਜੱਜ, ਡਾ: ਗੁਰਮਿੰਦਰ ਸਿੱਧੂ, ਪ੍ਰੈਸ ਕਲੱਬ ਮੋਹਾਲੀ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਤੇ ਪੁਸਤਕ ਦੇ ਲੇਖਕ ਭੁਪਿੰਦਰ ਬੇਕਸ ਸ਼ਾਮਿਲ ਸਨ।
ਇਸ ਸਮੇਂ ਡਾ: ਗੁਰਮਿੰਦਰ ਸਿੱਧੂ ਨੇ ਪੁਸਤਕ ਉੱਤੇ ਭਾਵ ਪੂਰਤ ਤੇ ਪੜਚੋਲਵਾਂ ਪੇਪਰ ਪੜ੍ਹਦਿਆਂ ਪੁਸਤਕ ਵਿੱਚੋਂ ਕਈ ਸ਼ੇਅਰਾਂ ਦਾ ਹਵਾਲਾ ਦਿੰਦਿਆਂ ਪੁਸਤਕ ਨੂੰ ਮੁਹੱਬਤੀ ਸਿਰਨਾਵਿਆਂ ਦਾ ਸੁਨੇਹਾ ਐਲਾਨਿਆ। ਮੰਚ ਵੱਲੋਂ ਡਾ: ਗੁਰਮਿੰਦਰ ਸਿੱਧੂ ਨੂੰ ਦੀਵਾਨ ਸਿੰਘ ਮਹਿਰਮ ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ। ਗੁਰਨਾਮ ਕੰਵਰ ਨੇ ਡਾ: ਸਿੱਧੂ ਲਈ ਸਨਮਾਨ ਪੱਤਰ ਵੀ ਪੜ੍ਹਿਆ। ਮੰਚ ਵੱਲੋਂ ਸੁਖਦੇਵ ਸਿੰਘ ਪਟਵਾਰੀ, ਡਾ: ਅਨਿਲ ਅੰਗਰਿਸ਼, ਡਾ: ਮਨਜਿੰਦਰ ਗਿੱਲ ਤੇ ਡਾ: ਦਰਸ਼ਨ ਕੌਰ ਖੋਜ਼ ਅਫਸਰ ਨੂੰ ਵੀ ਸਨਮਾਨਿਤ ਕੀਤਾ ਗਿਆ। ਵਿਚਾਰ ਚਰਚਾ ਵਿੱਚ ਸਰਵ ਸ਼੍ਰੀ ਗੁਰਨਾਮ ਕੰਵਰ, ਸੁਖਦੇਵ ਸਿੰਘ ਪਟਵਾਰੀ, ਡਾ: ਅਨਿਲ ਅੰਗਰਿਸ਼, ਡਾ: ਮਨਜਿੰਦਰ ਗਿੱਲ, ਡਾ: ਅਵਤਾਰ ਸਿੰਘ ਪਤੰਗ ਤੇ ਪਾਲ ਅਜਨਬੀ ਸ਼ਾਮਿਲ ਹੋਏ।
ਪ੍ਰਧਾਨਗੀ ਮੰਡਲ ਵਿੱਚੋਂ ਸਭ ਤੋਂ ਪਹਿਲਾਂ ਸ਼੍ਰੀ ਸੁਖਦੇਵ ਸਿੰਘ ਸਿਰਸਾ ਨੇ ਪੁਸਤਕ ‘ਤੇ ਚਰਚਾ ਕਰਦਿਆਂ ਅਜੋਕੇ ਦੌਰ ਦੀ ਸ਼ਾਇਰੀ ਤੇ ਨਿੱਠ ਕੇ ਚਰਚਾ ਕੀਤੀ ਤੇ “ਚਿੱਟੇ ਪ੍ਰਛਾਵੇਂ” ਦੀ ਸ਼ਾਇਰੀ ਦੀ ਮੁੱਖ ਸੁਰ ਮੁਹੱਬਤ ਨੂੰ ਕਬੂਲ ਕਰਦਿਆਂ ਲੇਖਕ ਨੂੰ ਥਾਪੜਾ ਵੀ ਦਿੱਤਾ। ਪ੍ਰੋਫੈਸਰ ਸੁਰਜੀਤ ਜੱਜ ਨੇ ਕਿਹਾ ਕਿ ਹੁਣ ਪੰਜਾਬੀ ਗਜ਼ਲ ਉਰਦੂ ਦੇ ਪ੍ਰਭਾਵ ਤੋਂ ਮੁਕੰਮਲ ਮੁਕਤ ਹੋ ਚੁੱਕੀ ਹੈ ਅਤੇ ਆਪਣੀਆਂ ਪੈੜਾ ਖੁ਼ਦ ਬਣਾ ਰਹੀ ਹੈ। ਉਹਨਾਂ ਮੰਚ ਵੱਲੋਂ ਉਲੀਕੇ ਪ੍ਰੋਗ੍ਰਾਮ ਦੀ ਸ਼ਲਾਘਾ ਵੀ ਕੀਤੀ। ਮੁੱਖ ਮਹਿਮਾਨ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਮਨੁੱਖ ਨੂੰ ਅਗਾਊਂ ਸਮੇਂ ਅੰਦਰ ਪ੍ਰਫੁੱਲਤ ਕਰਨ ਲਈ ਅੱਜ ਦੇ “ਚਿੱਟੇ ਪ੍ਰਛਾਵੇਂ” ਵਰਗੀ ਸ਼ਾਇਰੀ ਦੀ ਲੋੜ ਹੈ। ਉਹਨਾਂ ਭਵਿੱਖ ਵਿੱਚ ਵੀ ਮੰਚ ਨੂੰ ਅਜਿਹੀਆਂ ਕਾਰਵਾਈਆਂ ਕਰਨ ਲਈ ਪ੍ਰੇਰਿਆ।
ਸੁਖਦੇਵ ਸਿੰਘ ਪਟਵਾਰੀ ਨੇ ਮੁੱਖ ਮਹਿਮਾਨ ਸ੍ਰ. ਕੁਲਵੰਤ ਸਿੰਘ ਦੀ ਸ਼ਲਾਘਾ ਕਰਦਿਆਂ ਉਹਨਾਂ ਵੱਲੋਂ ਸਮਾਜ ਦੀ ਸੇਵਾ ਉੱਤੇ ਭਰਪੂਰ ਚਾਨਣਾ ਪਾਇਆ। ਅੰਤ ਵਿੱਚ ਭੁਪਿੰਦਰ ਸਿੰਘ ਬੇਕਸ ਨੇ ਸਾਰੇ ਬੁੱਧੀਜੀਵੀਆਂ ਵੱਲੋਂ ਪ੍ਰਗਟਾਏ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਤੇ ਕੁੱਝ ਸ਼ੇਅਰ ਤਰੰਨੁਮ ਵਿੱਚ ਕਹੇ।
ਸਮਾਗਮ ਵਿੱਚ ਹੋਰਾਂ ਤੋਂ ਇਲਾਵਾ ਸਾਹਿਤ ਚਿੰਤਨ ਦੇ ਮੁੱਖੀ ਸਰਦਾਰਾ ਸਿੰਘ ਚੀਮਾ, ਸ਼੍ਰੀਮਤੀ ਊਸ਼ਾ ਕੰਵਰ, ਡਾ: ਬਲਦੇਵ ਖਹਿਰਾ, ਹਰਜਿੰਦਰ ਸਿੰਘ, ਤਰਨਪ੍ਰੀਤ, ਸੁਖਜੀਤ ਕੌਰ, ਮਨਜੀਤ ਸਿੰਘ, ਜਗਜੀਤ ਸਿੰਘ ਤੇ ਗੁਰਜੀਤ ਕੌਰ ਬੇਕਸ ਵੀ ਸ਼ਾਮਲ ਹੋਏ। ਮੰਚ ਦਾ ਸੰਚਾਲਨ ਸ਼ਾਇਰ ਪੱਤਰਕਾਰ ਤੇ ਗਜ਼ਲਗੋ ਸ੍ਰ. ਥੰਮਣ ਸਿੰਘ ਸੈਣੀ ਨੇ ਬਾਖੂਬੀ ਨਿਭਾਇਆ।