

ਫਿਟਨੈੱਸ ਅਤੇ ਅਨੁਸ਼ਾਸਨ ਦੀ ਮਹੱਤਤਾ ਉਤੇ ਦਿੱਤਾ ਜ਼ੋਰ
ਮੋਹਾਲੀ, 30 ਅਗਸਤ, ਪੰਜਾਬੀ ਦੁਨੀਆ ਬਿਊਰੋ:
ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਖੇਡ ਦਿਵਸ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਸਪੋਰਟਸ ਡਾ. ਮਹੇਸ਼ ਜੇਟਲੀ ਦੀ ਨਿਗਰਾਨੀ ਹੇਠ ਖੇਡ ਮੈਦਾਨ ਵਿੱਚ ਬੜੇ ਉਤਸ਼ਾਹ ਅਤੇ ਜਜ਼ਬੇ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਨੇ ਯੂਨੀਵਰਸਿਟੀ ਦੀ ਸਰੀਰਕ ਤੰਦਰੁਸਤੀ ਅਤੇ ਸੰਪੂਰਨ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਸਾਬਤ ਕੀਤਾ।
ਸਮਾਰੋਹ ਦਾ ਉਦਘਾਟਨ ਗਰੁੱਪ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਕੀਤਾ। ਇਸ ਮੌਕੇ ‘ਯੂਐਸਏਐਚਐਸ’ ਦੇ ਡੀਨ ਡਾ. ਪੰਕਜ ਕੌਲ ਅਤੇ ‘ਯੂਐਸਪੀਆਰ’ ਦੇ ਡੀਨ ਡਾ. ਲਲਿਤ ਵੀ ਹਾਜ਼ਰ ਸਨ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰੋ. (ਡਾ.) ਸੰਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਖੇਡਾਂ ਦੋਵਾਂ ਖੇਤਰਾਂ ਵਿੱਚ ਮਹਾਨਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਲਚਕੀਲਾਪਣ ਦਾ ਵਿਕਾਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਇਸੇ ਤਰ੍ਹਾਂ, ਖੋਜ ਨਿਰਦੇਸ਼ਕ ਡਾ. ਰਮਨ ਕੁਮਾਰ ਅਤੇ ਡਾਇਟੀਸ਼ੀਅਨ ਕਮਲਪ੍ਰੀਤ ਕੌਰ ਚਾਹਲ ਨੇ ਵੀ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ ਅਤੇ ਸਿਹਤ, ਸਮਰਪਣ ਤੇ ਅਨੁਸ਼ਾਸਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।
ਖੇਡ ਦਿਵਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਟਰੈਕ ਐਂਡ ਫੀਲਡ ਇਵੈਂਟਾਂ, ਟੀਮ ਗੇਮਾਂ ਅਤੇ ਫਿਟਨੈੱਸ ਗਤੀਵਿਧੀਆਂ ਵਿੱਚ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ, ਜ਼ਜਬੇ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਗਰੁੱਪ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਡਾ. ਮਹੇਸ਼ ਜੇਟਲੀ ਨੇ ਕਿਹਾ ਕਿ ਸਰੀਰਕ ਤੰਦਰੁਸਤੀ, ਟੀਮ ਵਰਕ ਅਤੇ ਖੇਡ ਭਾਵਨਾ ਸੁਚੱਜੀਆਂ ਤੇ ਗਤੀਸ਼ੀਲ ਸ਼ਖਸੀਅਤਾਂ ਨੂੰ ਨਿਖਾਰਨ ਲਈ ਬਹੁਤ ਜ਼ਰੂਰੀ ਹਨ।
ਅਖੀਰ ਵਿਚ ਇਨਾਮ ਵੰਡ ਸਮਾਰੋਹ ਦੌਰਾਨ ਜੇਤੂਆਂ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।