
ਨਵੀਂ ਦਿੱਲੀ, 7 ਮਈ, ਪੰਜਾਬੀ ਦੁਨੀਆ ਬਿਊਰੋ :
ਭਾਰਤ ਵਿੱਚ ਸ਼ਰਾਬ ਦੇ ਸ਼ੌਕੀਨਾਂ ਲਈ ਇਹ ਖੁਸ਼ੀ ਦੀ ਖਬਰ ਹੈ, ਕਿਉਂਕਿ ਭਾਰਤ ਵਿੱਚ ਪ੍ਰੀਮੀਅਮ ‘ਸਕਾਚ ਵਿਸਕੀ’ ਸਸਤੀ ਹੋਣ ਜਾ ਰਹੀ ਹੈ। ਇਸ ਸਬੰਧੀ ਭਾਰਤ ਸਰਕਾਰ, ਸ਼ਰਾਬ ਦੇ ਇਸ ਪ੍ਰੀਮੀਅਮ ਬ੍ਰਾਂਡ ‘ਤੇ ਆਯਾਤ ਟੈਰਿਫ ਘਟਾਉਣ ਲਈ ਸਹਿਮਤ ਹੋ ਗਈ ਹੈ। ਹਾਲ ਹੀ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ (FTA) ਦੇ ਤਹਿਤ, ਸਕਾਚ ਵਿਸਕੀ ‘ਤੇ ਮੌਜੂਦਾ 150% ਆਯਾਤ ਡਿਊਟੀ ਘਟਾ ਦਿੱਤੀ ਜਾਵੇਗੀ। ਇਹ ਸਮਝੌਤਾ ਲਾਗੂ ਹੋਣ ਤੋਂ ਬਾਅਦ, ਟੈਰਿਫ ਘੱਟ ਕੇ 75% ਰਹਿ ਜਾਵੇਗਾ ਅਤੇ ਅਗਲੇ ਦਹਾਕੇ ਵਿੱਚ 40% ਤੱਕ ਡਿਊਟੀ ਘਟਣ ਦੀ ਉਮੀਦ ਹੈ।
ਇਸ ਕਟੌਤੀ ਨਾਲ ਪ੍ਰੀਮੀਅਮ ਅਤੇ ਮੱਧ-ਰੇਂਜ ਵਾਲੀ ਸਕਾਚ ਵਿਸਕੀ ਸਸਤੀ ਹੋਣ ਸਦਕਾ, ਭਾਰਤੀ ਪਿਆਕੜਾਂ ਦੇ ਇੱਕ ਵੱਡੇ ਹਿੱਸੇ ਤੱਕ ਪਹੁੰਚ ਵਿੱਚ ਆਉਣ ਦੀ ਉਮੀਦ ਹੈ। ਇਸ ਸਮੇਂ ਇੱਕ ਬੋਤਲ ਜਿਸਦੀ ਕੀਮਤ ਕਰੀਬ 5,000 ਰੁਪਏ ਹੈ, ਉਹ ਟੈਰਿਫ ਕਟੌਤੀ ਤੋਂ ਬਾਅਦ 3,500 ਰੁਪਏ ਤੋਂ 4,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਕੇ ਦੇ ਕੀਰ ਸਟਾਰਮਰ ਨੇ ਸਾਂਝੇ ਤੌਰ ‘ਤੇ ਐਫਟੀਏ ਦਾ ਐਲਾਨ ਕੀਤਾ, ਜੋ ਕਿ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 100 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਆਸ ਹੈ। ਯੂਕੇ ਦੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਬ੍ਰਿਟਿਸ਼ ਉਤਪਾਦਾਂ – ਜਿਸ ਵਿੱਚ ਵਿਸਕੀ, ਕਾਰਾਂ, ਕਾਸਮੈਟਿਕਸ ਅਤੇ ਮੈਡੀਕਲ ਉਪਕਰਣ ਸ਼ਾਮਲ ਹਨ, ‘ਤੇ ਭਾਰਤੀ ਟੈਰਿਫ ਵਿੱਚ ਕਟੌਤੀ ਪਹਿਲੇ ਸਾਲ ਵਿੱਚ 400 ਮਿਲੀਅਨ ਡਾਲਰ ਦੀ ਬਚਤ ਕਰੇਗੀ, ਅਗਲੇ ਦਹਾਕੇ ਵਿੱਚ ਇਹ ਅੰਕੜਾ 900 ਮਿਲੀਅਨ ਡਾਲਰ ਤੱਕ ਵਧਣ ਦੀ ਉਮੀਦ ਹੈ।