
ਤੇਲ ਅਵੀਵ, 14 ਜੂਨ, ਪੰਜਾਬੀ ਦੁਨੀਆ ਬਿਊਰੋ :
ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਮਿਜ਼ਾਇਲਾਂ ਨਾਲ ਆਪਣਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਇਜ਼ਰਾਇਲ ਨੇ ਈਰਾਨ ਦੇ ਮੁੱਖ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਇਸਦੇ ਫੌਜੀ ਢਾਂਚੇ ਨੂੰ ਤਬਾਹ ਕਰਨ ਤੋਂ ਬਾਅਦ, ਜਵਾਬੀ ਹਮਲੇ ਵਿਚ ਈਰਾਨ ਨੇ ਬੈਲਿਸਟਿਕ ਮਿਜ਼ਾਈਲਾਂ ਨਾਲ ਤੇਲ ਅਵੀਵ ਖੇਤਰ ਵਿੱਚ ਘੱਟੋ-ਘੱਟ ਸੱਤ ਥਾਵਾਂ ‘ਤੇ ਹਮਲਾ ਕੀਤਾ। ਦੋਵਾਂ ਧਿਰਾਂ ਵਿਚਕਾਰ ਮਿਜ਼ਾਈਲਾਂ ਅਤੇ ਡਰੋਨਾਂ ਦਾਗਣ ਕਾਰਨ ਭਾਰੀ ਜਾਨੀ ਨੁਕਸਾਨ ਹੋਇਆ, ਜਿਸ ਵਿੱਚ ਘੱਟੋ ਘੱਟ 78 ਮੌਤਾਂ ਅਤੇ 329 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਇਹ ਹਮਲੇ ਸ਼ਨੀਵਾਰ ਸਵੇਰ ਤੱਕ ਜਾਰੀ ਰਹੇ, ਜਿਸ ਵਿੱਚ ਈਰਾਨ ਨੇ ਦਰਜਨਾਂ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ, ਜਦਕਿ ਇਜ਼ਰਾਈਲ ਨੇ ਲਗਭਗ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਦਿੱਤੀ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਇਜ਼ਰਾਈਲੀ ਫੌਜ ਨੇ ਕਿਹਾ, “ਪਿਛਲੇ ਇੱਕ ਘੰਟੇ ਵਿੱਚ, ਈਰਾਨ ਨੇ ਤੇਲ ਅਵੀਵ ਅਤੇ ਯਰੂਸ਼ਲਮ ਵਿੱਚ ਜ਼ਬਰਦਸਤ ਹਵਾਈ ਹਮਲੇ ਕੀਤੇ ਅਤੇ ਦਰਜਨਾਂ ਮਿਜ਼ਾਈਲਾਂ ਦਾਗੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਨੂੰ ਰੋਕ ਦਿੱਤਾ ਗਿਆ ਹੈ।”
ਇਜ਼ਰਾਈਲ ਨੇ ਐਲਾਨ ਕੀਤਾ ਕਿ ਉਸਦਾ ਫੌਜੀ ਆਪ੍ਰੇਸ਼ਨ “ਰਾਈਜ਼ਿੰਗ ਲਾਇਨ” ਕਈ ਦਿਨਾਂ ਤੋਂ ਵੱਧ ਸਮੇਂ ਲਈ ਜਾਰੀ ਰਹੇਗਾ ਜਦਕਿ ਈਰਾਨ ਨੇ ਕਿਹਾ ਕਿ ਉਹ ਇਸ ਦਾ ਡੱਟ ਕੇ ਮੁਕਾਬਲਾ ਕਰਨ ਨੂੰ ਤਿਆਰ ਹੈ।