
ਤਹਿਰਾਨ, 21 ਅਗਸਤ :
ਇਰਾਨ ਵਿੱਚ ਵਾਪਰੇ ਇਕ ਭਿਆਨਕ ਹਾਦਸੇ ਵਿੱਚ 35 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਖ਼ਬਰਾਂ ਮੁਤਾਬਕ ਪਾਕਿਸਤਾਨ ਤੋਂ ਸ਼ੀਆ ਸ਼ਰਧਾਲੂਆਂ ਦੀ ਭਰੀ ਇਕ ਬੱਸ ਇਰਾਕ ਜਾ ਰਹੀ ਸੀ। ਈਰਾਨ ਵਿੱਚ ਪਹੁੰਚਣ ਦੌਰਾਨ ਇਹ ਬੱਸ ਇਕ ਖੱਡ ਵਿੱਚ ਡਿੱਗ ਗਈ ਕਾਰਨ, ਜਿਸ ਵਿੱਚ 35 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।
ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਦੇ ਹਵਾਲੇ ਨਾਲ ਸਥਾਨਕ ਐਮਰਜੈਂਸੀ ਅਧਿਕਾਰੀ ਮੁਹੰਮਦ ਅਲੀ ਮਲਕਜ਼ਾਦੇਹ ਨੇ ਦੱਸਿਆ ਕਿ ਈਰਾਨ ਦੇ ਯਜ਼ਦ ਸੂਬੇ ਵਿੱਚ ਬੀਤੀ ਮੰਗਲਵਾਰ ਰਾਤ ਨੂੰ ਇਹ ਹਾਦਸਾ ਵਾਪਰਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਬੱਸ ਵਿੱਚ 51 ਲੋਕ ਸਵਾਰ ਸਨ।
ਪਾਕਿਸਤਾਨ ਦੇ ਮੀਡੀਆ ਨੇ ਇਸ ਸਬੰਧੀ ਖਬਰ ਦਿੱਤੀ ਹੈ ਕਿ ਬੱਸ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੇ ਲਰਕਾਨਾ ਤੋਂ ਜਾ ਰਹੇ ਸਨ। ਪਾਕਿਸਤਾਨ ਸਰਕਾਰ ਨੇ ਅਜੇ ਤੱਕ ਇਸ ਘਟਨਾ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।