
ਢਾਕਾ, 5 ਅਗਸਤ, ਪੰਜਾਬੀ ਦੁਨੀਆ ਬਿਊਰੋ :
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ 15 ਸਾਲਾਂ ਦਾ ਸ਼ਾਸਨ ਅੱਜ ਸੋਮਵਾਰ ਨੂੰ ਖਤਮ ਹੋ ਗਿਆ ਹੈ ਅਤੇ ਉਹਨਾਂ ਵੱਲੋਂ ਦੇਸ਼ ਛੱਡ ਕੇ ਭਾਰਤ ਦੇ ਰਸਤੇ ਰਾਹੀਂ ਲੰਡਨ ਵਿਚ ਸ਼ਰਨ ਲੈਣ ਦੀਆਂ ਖਬਰਾਂ ਹਨ। ਬੰਗਲਾਦੇਸ਼ ਫੌਜ ਦੇ ਇੱਕ ਸੂਤਰ ਅਨੁਸਾਰ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਢਾਕਾ ਤੋਂ ਭੱਜਣ ਵਾਲੀ ਹਸੀਨਾ ਕਥਿਤ ਤੌਰ ‘ਤੇ ਇਹ ਦੌਰਾ ਇਸ ਲਈ ਕਰ ਰਹੀ ਹੈ ਕਿਉਂਕਿ ਦੱਖਣੀ ਏਸ਼ੀਆਈ ਦੇਸ਼ ਵਿੱਚ ਸਥਿਤੀ ਅਸਥਿਰ ਬਣੀ ਹੋਈ ਹੈ। ਇਸ ਦੌਰਾਨ ਫੌਜ ਨੇ ਅੰਤ੍ਰਿਮ ਸਰਕਾਰ ਦਾ ਕੰਮਕਾਜ ਆਪਣੇ ਹੱਥਾਂ ਵਿਚ ਲੈ ਲਿਆ ਹੈ।
ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਦਾਅਵਾ ਕੀਤਾ ਕਿ ਹਸੀਨਾ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਦੇਸ਼ ਛੱਡ ਦਿੱਤਾ। ਖਾਨ ਨੇ ਕਿਹਾ ਕਿ “ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਹੈ। ਮੈਨੂੰ ਸੂਚਨਾ ਮਿਲੀ ਹੈ ਕਿ ਉਸਨੇ ਅਸਤੀਫਾ ਦੇ ਦਿੱਤਾ ਹੈ।”
ਸ਼ੇਖ ਹਸੀਨਾ (76) ਦੇਸ਼ ਭਰ ਵਿੱਚ ਕਰੀਬ ਇੱਕ ਮਹੀਨੇ ਤੋਂ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਬੰਗਲਾਦੇਸ਼ ਛੱਡ ਕੇ ਭੱਜਣ ਲਈ ਮਜ਼ਬੂਰ ਹੋਣਾ ਪਿਆ ਹੈ। ਸ਼ੇਖ ਹਸੀਨਾ ਨੇ ਕਰੀਬ 15 ਸਾਲਾਂ ਦੇ ਰਾਜ ਵਿਚ ਆਪਣੇ ਅਹੁਦਾ ਛੱਡਣ ਤੋਂ ਟਾਲਾ ਵੱਟਦਿਆਂ ਹਸੀਨਾ ਨੇ ਆਪਣੀ ਸਰਕਾਰ ਵਿਰੁੱਧ ਜੁਲਾਈ ਮਹੀਨੇ ਦੇ ਸ਼ੁਰੂ ਹੋਏ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਐਤਵਾਰ ਨੂੰ ਦੇਸ਼ ਵਿਚ ਪੈਦਾ ਹੋਏ ਹਿੰਸਕ ਝੜੱਪਾਂ ਅਤੇ ਅਸ਼ਾਂਤੀਪੂਰਨ ਹਾਲਾਤ ਨੂੰ ਦੇਖਦਿਆਂ ਦੇਸ਼ ਛੱਡਣ ਦਾ ਫੈਸਲਾ ਕੀਤਾ। ਇਹ ਵੀ ਖਬਰ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਰਿਹਾਇਸ਼ ਨੂੰ ਘੇਰਾ ਪਾ ਲਿਆ। ਇਹਨਾਂ ਹਿੰਸਕ ਘਟਨਾਵਾਂ ਵਿਚ ਹੁਣ ਤੱਕ ਗਰੀਬ 100 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰਾਂ ਹਨ।
ਇਸ ਦੌਰਾਨ ਬੀਐਸਐਫ ਨੇ ਨੇ ਭਾਰਤ-ਬੰਗਲਾਦੇਸ਼ ਸਰਹੱਦ ‘ਤੇ 4,000 ਤੋਂ ਵੱਧ ਯੂਨਿਟਾਂ ਨੂੰ ਢਾਕਾ ‘ਚ ਸੰਕਟ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਹੈ। ਉਧਰ ਤ੍ਰਿਪੁਰਾ ਪੁਲਿਸ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਪੁਸ਼ਟੀ ਕੀਤੀ ਹੈ ਕਿ ਹਸੀਨਾ ਦਾ ਫੌਜੀ ਹੈਲੀਕਾਪਟਰ ਅਗਰਤਲਾ ਵਿੱਚ ਉਤਰਿਆ ਹੈ।