ਕੁਝ ਭਾਰਤੀ ਮਜ਼ਦੂਰਾਂ ਦੇ ਮਰਨ ਦਾ ਵੀ ਖਦਸ਼ਾ
ਕੁਵੈਤ, 12 ਜੂਨ, ਪੰਜਾਬੀ ਦੁਨੀਆ ਬਿਊਰੋ:
ਕੁਵੈਤ ਦੇ ਮੰਗਾਫ ਸ਼ਹਿਰ ‘ਚ ਮਜ਼ਦੂਰਾਂ ਦੀ ਇਕ ਰਿਹਾਇਸ਼ੀ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਵਾਪਰੀ। ਕੁਵੈਤ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਅੱਗ ਲੱਗਣ ਕਾਰਨ ਲਗਭਗ 43 ਲੋਕ ਹਸਪਤਾਲ ‘ਚ ਭਰਤੀ ਹਨ, ਜਿਨ੍ਹਾਂ ‘ਚੋਂ ਚਾਰ ਦੀ ਮੌਤ ਹੋ ਗਈ ਹੈ। ਇਮਾਰਤ ਵਿਚ ਲਗਭਗ 160 ਲੋਕ ਰਹਿੰਦੇ ਸਨ, ਜੋ ਕਿ ਉਸੇ ਕੰਪਨੀ ਦੇ ਕਰਮਚਾਰੀ ਹਨ ਅਤੇ ਬਹੁਤ ਸਾਰੇ ਕਰਮਚਾਰੀ ਭਾਰਤੀ ਸਨ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ X ‘ਤੇ ਕਿਹਾ, “ਕੁਵੈਤ ਸ਼ਹਿਰ ਵਿੱਚ ਅੱਗ ਲੱਗਣ ਦੀ ਖ਼ਬਰ ਨਾਲ ਡੂੰਘਾ ਸਦਮਾ ਲੱਗਾ ਹੈ। ਕਥਿਤ ਤੌਰ ‘ਤੇ 40 ਤੋਂ ਵੱਧ ਮੌਤਾਂ ਹੋਈਆਂ ਹਨ ਅਤੇ 50 ਤੋਂ ਵੱਧ ਹਸਪਤਾਲ ਵਿੱਚ ਭਰਤੀ ਹਨ। ਸਾਡੇ ਰਾਜਦੂਤ ਕੈਂਪ ਵਿੱਚ ਗਏ ਹਨ। ਅਸੀਂ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।”
ਕੁਵੈਤ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਹੈਲਪਲਾਈਨ ਨੰਬਰ +965-65505246 ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਅੱਗ ਦੀ ਦੁਰਘਟਨਾ ਵਿੱਚ ਕੁਝ ਭਾਰਤੀ ਕਰਮਚਾਰੀ ਸ਼ਾਮਲ ਹਨ ਅਤੇ ਦੂਤਾਵਾਸ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।
ਨਿਊਜ਼ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਇੱਕ ਸੀਨੀਅਰ ਪੁਲਿਸ ਕਮਾਂਡਰ ਨੇ ਦੱਸਿਆ ਗਿਆ, “ਜਿਸ ਇਮਾਰਤ ਵਿੱਚ ਅੱਗ ਲੱਗੀ, ਉਸ ਇਮਾਰਤ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਮੌਜੂਦ ਸਨ। ਦਰਜਨਾਂ ਲੋਕਾਂ ਨੂੰ ਬਚਾ ਲਿਆ ਗਿਆ ਸੀ, ਪਰ ਬਦਕਿਸਮਤੀ ਨਾਲ ਅੱਗ ਦੇ ਧੂੰਏਂ ‘ਚ ਸਾਹ ਲੈਣ ‘ਚ ਦਿੱਕਤ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਸਨ।” ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅਧਿਕਾਰੀ ਇਸ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।