
ਗ਼ਦਰੀ ਗੁਲਾਬ ਕੌਰ ਨੂੰ ਸਮਰਪਤ ਸੀ ‘ਖਿੜਦੇ ਰਹਿਣ ਗ਼ੁਲਾਬ’ ਨਾਟਕ
ਮੋਹਾਲੀ, 19 ਨਵੰਬਰ, ਮਨਜੀਤ ਸਿੰਘ ਚਾਨਾ :
ਸੁਚੇਤਕ ਰੰਗਮੰਚ ਮੋਹਾਲੀ ਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਆਪਣਾ ਨਵਾਂ ਸੋਲੋ ਨਾਟਕ ‘ਖਿੜਦੇ ਰਹਿਣ ਗੁਲਾਬ’ ਇੰਗਲੈਂਡ ਤੇ ਅਮਰੀਕਾ ’ਚ ਕਰਕੇ ਦੇਸ਼ ਪਰਤੇ ਹਨ। ਇਹ ਨਾਟਕ ਗ਼ਦਰ ਲਹਿਰ ਦੀ ਨਾਇਕਾ ਗੁਲਾਬ ਕੌਰ ਦੇ ਦਿਹਾਂਤ ਦੇ ਸ਼ਤਾਬਦੀ ਸਾਲ ਨੂੰ ਸਮਰਪਤ ਸੀ। ਉਹ ਆਪਣੇ ਪਤੀ ਮਾਨ ਸਿੰਘ ਨਾਲ ਭਾਰਤ ਤੋਂ ਅਮਰੀਕਾ ਜਾਣ ਲਈ ਮਨੀਲਾ ਜਾਂਦੀ ਹੈ, ਕਿਉਂਕਿ ਉਹਨੀਂ ਦਿਨੀਂ ਕੁਝ ਸਮਾਂ ਮਨੀਲਾ ਜਾਂ ਕਿਸੇ ਹੋਰ ਟਾਪੂ ’ਤੇ ਰੁਕਣ ਤੋਂ ਬਾਅਦ ਹੀ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਆਗਿਆ ਮਿਲਦੀ ਸੀ। ਉਹ ਦੋਵੇਂ ਅਮਰੀਕਾ ਜਾਣ ਦੀ ਤਿਆਰੀ ਵਿੱਚ ਹੀ ਸਨ, ਜਦੋਂ ਗ਼ਦਰ ਪਾਰਟੀ ਨੇ ਅੰਗਰੇਜ਼ੀ ਹਕੂਮਤ ਦੇ ਖ਼ਾਤਮੇ ਲਈ ਹਥਿਆਰਬੰਦ ਵਿਦਰੋਹ ਦਾ ਸੱਦਾ ਦੇ ਦਿੱਤਾ। ਇਸ ਬਗ਼ਾਵਤ ਵਿੱਚ ਸ਼ਮੂਲੀਅਤ ਲਈ ਮਾਨ ਸਿੰਘ ਤੇ ਗੁਲਾਬ ਕੌਰ ਨੇ ਵੀ ਆਪਣੇ ਨਾਂ ਲਿਖਵਾ ਦਿੱਤੇ ਸਨ, ਪਰ ਜਦੋਂ ਅਮਰੀਕਾ ਤੋਂ ਆ ਰਿਹਾ ਸਮੁੰਦਰੀ ਜਹਾਜ਼ ਮਨੀਲਾ ਦੀ ਬੰਦਰਗਾਹ ’ਤੇ ਆਇਆ ਤਾਂ ਪਤੀ ਨੇ ਦੇਸ਼ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਸਨੂੰ ਵੀ ਰੋਕਿਆ, ਪਰ ਉਹ ਗੁਰੂ-ਘਰ ਵਿੱਚ ਕੀਤੇ ਪ੍ਰਣ ਦੀ ਪਾਲਣਾ ਕਰਨ ਲਈ ਦੇਸ਼ ਆ ਗਈ ਅਤੇ ਗ਼ਦਰ ਲਹਿਰ ਵਿੱਚ ਸਰਗਰਮ ਭੂਮਿਕਾ ਅਦਾ ਕੀਤੀ।
ਉਸਦੇ ਜੀਵਨ-ਸੰਘਰਸ਼ ਨੂੰ ਪੇਸ਼ ਕਰਦਾ ਨਾਟਕ ਹੀ ਅਨੀਤਾ ਸ਼ਬਦੀਸ਼ ਵੱਲੋਂ ਇੰਗਲੈਂਡ ਤੇ ਅਮਰੀਕਾ ਦੇ ਦਸ ਥਾਵਾਂ ’ਤੇ ਖੇਡ ਕੇ ਆਏ ਹਨ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ। ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਉਹ ਪਹਿਲਾਂ ਇੰਗਲੈਂਡ ਅਤੇ ਓਥੋਂ ਹੀ ਅਮਰੀਕਾ ਗਈ ਸੀ ਅਤੇ ਦੋਵਾਂ ਮੁਲਕਾਂ ਵਿੱਚ ਦਸ ਸ਼ੋਅ ਕਰਨ ਬਾਅਦ ਦੇਸ਼ ਪਰਤੀ ਹੈ। ਇਹ ਸ਼ੋਅ ਇੰਗਲੈਂਡ ਦੇ ਸਾਉਥਹਾਲ, ਈਰਥ ਕੈਂਟ, ਲੈਸਟਰ, ਬਰਮਿੰਘਮ, ਲਾਮਿੰਗਟਨ ਵਿੱਚ ਹੋਏ ਹਨ। ਇਹ ਵੀ ਦੱਸਿਆ ਕਿ ਬਰਮਿੰਘਮ ਵਿੱਚ ‘ਚਿੜੀ ਦੀ ਅੰਬਰ ਵੱਲ ਉਡਾਨ’ ਨਾਟਕ ਦਾ ਸ਼ੋਅ ਵੀ ਔਰਤਾਂ ਦੇ ਪ੍ਰੋਗਰਾਮ ਵਿੱਚ ਖ਼ਾਸ ਮੰਗ ’ਤੇ ਕੀਤਾ ਗਿਆ।
ਅਮਰੀਕਾ ਦੇ ਕੈਲੇਫੋਰਨੀਆ ਸਟੇਟ ਦੇ ਯੂਬਾਸਿਟੀ, ਕੌਂਕਰਡ, ਯੂਨੀਅਨ ਸਿਟੀ, ਫਰਿਜ਼ਨੋ ਸ਼ਹਿਰਾਂ ਵਿੱਚ ‘ਖਿੜਦੇ ਰਹਿਣ ਗੁਲਾਬ’ ਨਾਟਕ ਦੇ ਸ਼ੋਅ ਕੀਤੇ ਗਏ। ਇੱਥੇ ਪਹਿਲਾ ਸ਼ੋਅ ਅਮਰੀਕਾ ਵਿੱਚ ਮਨਾਏ ਜਾਂਦੇ ‘ਮੇਲਾ ਗ਼ਦਰੀ ਬਾਬਿਆਂ ਦਾ’ ਦੇ ਅਵਸਰ ’ਤੇ ਕੀਤਾ ਗਿਆ ਸੀ। ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਦੋਵਾਂ ਮੁਲਕਾਂ ਵਿੱਚ ਹੋਰ ਸ਼ੋਅ ਹੋ ਸਕਦੇ ਸਨ। ਇੰਗਲੈਂਡ ਵਿਚਲੇ ਸ਼ੋਅ ਅਮਰੀਕਾ ਵਿੱਚ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਕਾਰਨ ਮੁਲਤਵੀ ਕਰਨੇ ਪਏ, ਜਦਕਿ ਅਮਰੀਕਾ ਦੇ ਕੁਝ ਹੋਰ ਸ਼ੋਅ ‘ਗੁਰਸ਼ਰਨ ਸਿੰਘ ਨਾਟ ਉਤਸਵ’ ਉਲੀਕੇ ਜਾਣ ਕਾਰਨ ਮੁਲਤਵੀ ਕਰਨੇ ਪਏ ਹਨ, ਜੋ 7 ਦਸੰਬਰ ਤੋਂ 11 ਦਸੰਬਰ ਤੱਕ ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ ਹੋਣ ਜਾ ਰਿਹਾ ਹੈ। ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਬੇਸ਼ਕ ਹਰ ਵਾਰ ਹੀ ਵਿਦੇਸ਼ ਵੱਸਦੇ ਪੰਜਾਬੀਆਂ ਦਾ ਹੁੰਗਾਰਾ ਖ਼ੁਸ਼ੀ ਦਿੰਦਾ ਹੈ, ਪਰ ਇਸ ਵਾਰ ਉਨ੍ਹਾਂ ਦਾ ਉਤਸ਼ਾਹ ਹੋਰ ਵੀ ਹੁਲਾਰਾ ਦੇਣ ਵਾਲ਼ਾ ਸੀ। ਇੱਕ ਤਾਂ ਬਹੁਤੇ ਲੋਕ ਗ਼ਦਰ ਲਹਿਰ ਦੀ ਮਹਾਨ ਨਾਇਕਾਂ ਗੁਲਾਬ ਕੌਰ ਨੂੰ ਪਹਿਲੀ ਵਾਰ ਨਾਟਕ ਰਾਹੀਂ ਹੀ ਜਾਣ ਰਹੇ ਸਨ, ਦੂਜਾ ਨਾਟਕ ਵਿੱਚ ਬਹੁਤ ਥਾਵਾਂ ’ਤੇ ਭਾਵੁਕ ਕਰ ਦੇਣ ਵਾਲ਼ੇ ਪਲ ਦਰਸ਼ਕਾਂ ਨੂੰ ਧੁਰ ਅੰਦਰ ਤਕ ਪ੍ਰਭਾਵਤ ਕਰ ਰਹੇ ਸਨ।