Breaking News
Dashmesh GS Electricals Verka Smart Media Insurance Point Tav Prasad

ਪੰਜਾਬ ਨਸ਼ਾ ਰੋਕਥਾਮ ਪਾਠਕ੍ਰਮ ਲਾਗੂ ਕਰਨ ਵਾਲਾ ਬਣੇਗਾ ਪਹਿਲਾ ਸੂਬਾ, ਸ਼ੁਰੂਆਤ 1 ਅਗਸਤ ਤੋਂ

8 ਲੱਖ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਕੀਤਾ ਜਾਵੇਗਾ ਸੁਚੇਤ: ਹਰਜੋਤ ਬੈਂਸ

ਚੰਡੀਗੜ੍ਹ, 28 ਜੁਲਾਈ, ਮਨਜੀਤ ਸਿੰਘ ਚਾਨਾ :

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਪੰਜਾਬ ਦੀ ਜੰਗ ਇੱਕ ਅਹਿਮ ਮੋੜ ਉੱਤੇ ਪਹੁੰਚ ਗਈ ਹੈ ਅਤੇ ਸੂਬਾ ਸਰਕਾਰ ਵੱਲੋਂ ਵਿੱਢੀ ਗਈ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਦੇ ਤੀਜੇ ਪੜਾਅ ਦੇ ਹਿੱਸੇ ਵਜੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਨਿਵੇਕਲਾ ਨਸ਼ਾ ਰੋਕਥਾਮ ਪਾਠਕ੍ਰਮ ਸ਼ੁਰੂ ਕੀਤਾ ਜਾ ਰਿਹਾ ਹੈ।

ਅੱਜ ਸ਼ਾਮ ਨੂੰ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 1 ਅਗਸਤ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਅਰਨੀਵਾਲਾ ਵਿਖੇ ਸੂਬਾ ਪੱਧਰੀ ਨਸ਼ਾ ਰੋਕਥਾਮ ਪਾਠਕ੍ਰਮ ਦੀ ਸ਼ੁਰੂਆਤ ਕੀਤੀ ਜਾਵੇਗੀ।

ਪਾਠਕ੍ਰਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਅਨੋਖਾ ਪ੍ਰੋਗਰਾਮ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਅਭਿਜੀਤ ਬੈਨਰਜੀ ਦੀ ਅਗਵਾਈ ਵਾਲੀ ਸੰਸਥਾ ਜੇ-ਪਾਲ ਸਾਊਥ ਏਸ਼ੀਆ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਤਹਿਤ ਮੋਹਰੀ ਵਿਵਹਾਰ ਵਿਗਿਆਨੀ, ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਲਗਭਗ ਅੱਠ ਲੱਖ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੋਂ ਦੂਰ ਰਹਿਣ ਸਬੰਧੀ ਗਿਆਨ ਅਤੇ ਹੁਨਰਾਂ ਨਾਲ ਸਸ਼ਕਤ ਬਣਾਉਣਗੇ। ਉਨ੍ਹਾਂ ਦੱਸਿਆ ਕਿ ਪਾਠਕ੍ਰਮ ਵਿੱਚ 35-ਮਿੰਟ ਦੇ ਸੈਸ਼ਨ ਹੋਣਗੇ, ਜੋ 27 ਹਫ਼ਤਿਆਂ ਲਈ ਹਰ ਪੰਦਰਵਾੜੇ ਕਰਵਾਏ ਜਾਣਗੇ ਅਤੇ ਇਸ ਵਿੱਚ ਦਸਤਾਵੇਜ਼ੀ, ਕੁਇੱਜ਼, ਪੋਸਟਰ ਅਤੇ ਇੰਟਰਐਕਟਿਵ ਗਤੀਵਿਧੀਆਂ ਸ਼ਾਮਲ ਹੋਣਗੀਆਂ। ਇਹ ਸੈਸ਼ਨ ਨਸ਼ਿਆਂ ਬਾਰੇ ਮਿੱਥ ਨੂੰ ਦੂਰ ਕਰਨ, ਨਸ਼ਿਆਂ ਨੂੰ ਨਾਂਹ ਕਰਨ ਸਬੰਧੀ ਰਣਨੀਤੀਆਂ ਅਤੇ ਸਾਥੀਆਂ ਦੇ ਦਬਾਅ ਦਾ ਵਿਰੋਧ ਕਰਨ ਵਰਗੇ ਮੁੱਖ ਖੇਤਰਾਂ ‘ਤੇ ਕੇਂਦ੍ਰਤ ਹੋਣਗੇ ਅਤੇ ਵਿਦਿਆਰਥੀਆਂ ਨੂੰ ਸੂਚਿਤ ਫੈਸਲੇ ਲੈਣ ਸਬੰਧੀ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨਗੇ।

ਸ. ਬੈਂਸ ਨੇ ਕਿਹਾ ਕਿ ਇਸ ਨਸ਼ਾ ਵਿਰੋਧੀ ਪ੍ਰੋਗਰਾਮ ਦੀ ਵਿਆਪਕ ਪਹੁੰਚ ਹੋਵੇਗੀ, ਜਿਸ ਵਿੱਚ 3,658 ਸਕੂਲ ਸ਼ਾਮਲ ਹੋਣਗੇ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਲਗਭਗ ਅੱਠ ਲੱਖ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਲਈ 6,500 ਤੋਂ ਵੱਧ ਸਿਖਲਾਈ ਪ੍ਰਾਪਤ ਅਧਿਆਪਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਵਿਆਪਕ ਪ੍ਰੋਗਰਾਮ ਪੰਜਾਬ ਦੀ ਸਿੱਖਿਆ ਪ੍ਰਣਾਲੀ ‘ਤੇ ਮਹੱਤਵਪੂਰਨ ਪ੍ਰਭਾਵ ਨੂੰ ਯਕੀਨੀ ਬਣਾਏਗਾ, ਵਿਦਿਆਰਥੀਆਂ ਨੂੰ ਨਸ਼ਿਆਂ ਨੂੰ ਨਾਂਹ ਕਹਿਣ ਲਈ ਜ਼ਰੂਰੀ ਹੁਨਰਾਂ ਨਾਲ ਲੈਸ ਕਰੇਗਾ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦਹਾਕਿਆਂ ਤੋਂ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਅਤੇ ਸਰਪ੍ਰਸਤੀ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਨੇ ਸੂਬਾ ਪੱਧਰੀ, ਖੋਜ-ਅਧਾਰਤ ਨਸ਼ਾ ਰੋਕਥਾਮ ਪਾਠਕ੍ਰਮ ਲਾਗੂ ਕੀਤਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਕਲਾਸਰੂਮ ਤੋਂ ਸ਼ੁਰੂ ਹੁੰਦੀ ਹੈ, ਥਾਣਿਆਂ ਤੋਂ ਨਹੀਂ।

Leave a Reply

Your email address will not be published. Required fields are marked *