Breaking News

ਮੀਂਹ ਤੇ ਗੜੇਮਾਰੀ ਨਾਲ ਪੱਕੀਆਂ ਫ਼ਸਲਾਂ ਦੇ ਇੱਕ-ਇੱਕ ਦਾਣੇ ਦੇ ਹੋਏ ਨੁਕਸਾਨ ਦੀ ਕਰਾਂਗੇ ਭਰਪਾਈ : ਭਗਵੰਤ ਮਾਨ

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਮਾਨ ਨੂੰ ਸੁਣਕੇ ਪਾਰਟੀ ਵਰਕਰਾਂ ਅਤੇ ਸਮਰਥਕਾਂ ‘ਚ ਭਰਿਆ ਜੋਸ਼

ਸ੍ਰੀ ਫ਼ਤਿਹਗੜ੍ਹ ਸਾਹਿਬ, 19 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਦੇ ਮਿਸ਼ਨ 13-0 ਪ੍ਰੋਗਰਾਮ ਤਹਿਤ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਭਾਰੀ ਮੀਂਹ ਅਤੇ ਹਨੇਰੀ ਦੇ ਬਾਵਜੂਦ ਲੋਕਾਂ ਨੂੰ ਸੰਬੋਧਨ ਕੀਤਾ। ਪੰਡਾਲ ਵਿੱਚ ਮੌਜੂਦ ਸੀਐਮ ਭਗਵੰਤ ਮਾਨ ਅਤੇ ਪਾਰਟੀ ਦੇ ਸਾਰੇ ਵਰਕਰ ਮੀਂਹ ਵਿੱਚ ਭਿੱਜ ਗਏ।ਇਕੱਠ ਨੂੰ ਸੰਬੋਧਨ ਕਰਨ ਲਈ ਭਗਵੰਤ ਮਾਨ ਵਰਕਰਾਂ ਨਾਲ ਪੰਡਾਲ ਵਿੱਚ ਹੀ ਰੁਕੇ ਰਹੇ।

ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਹਨ। ਇਹ ਮੀਂਹ ਕਣਕ ਦੀ ਵਾਢੀ ਲਈ ਤਿਆਰ ਫ਼ਸਲ ਲਈ ਠੀਕ ਨਹੀਂ ਹੈ। ਮੀਂਹ ਅਤੇ ਹਨੇਰੀ ਅਤੇ ਕੁਝ ਇਲਾਕਿਆਂ ਵਿੱਚ ਗੜੇਮਾਰੀ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਪਰ ਚਿੰਤਾ ਨਾ ਕਰੋ। ਮੈਂ ਤੁਹਾਡੇ ਨਾਲ ਹਾਂ। ਮੁੱਖ ਮੰਤਰੀ ਹੋਣ ਦੇ ਨਾਤੇ ਅੱਜ ਗੜੇਮਾਰੀ ਦੌਰਾਨ ਪੱਕੀਆਂ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਮੈਂ ਤੁਹਾਡੀ ਫ਼ਸਲ ਦੇ ਇੱਕ-ਇੱਕ ਦਾਣੇ ਦੇ ਨੁਕਸਾਨ ਦੀ ਭਰਪਾਈ ਕਰਾਂਗਾ।

ਮਾਨ ਨੇ ਕਿਹਾ ਕਿ ਮੈਂ ਹਰ ਤਰ੍ਹਾਂ ਦੀ ਔਖੀ ਘੜੀ ਵਿੱਚ ਹਮੇਸ਼ਾ ਲੋਕਾਂ ਦੇ ਨਾਲ ਹਾਂ।ਸਾਡੇ ਗੁਰੂਆਂ ਅਤੇ ਸ਼ਹੀਦਾਂ ਨੇ ਸਾਨੂੰ ਇੱਕ ਦੂਜੇ ਦੀ ਮਦਦ ਕਰਨ ਅਤੇ ਹਮੇਸ਼ਾ ਗ਼ਰੀਬਾਂ ਅਤੇ ਮਜ਼ਲੂਮਾਂ ਦੇ ਨਾਲ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ ਹੈ। ਥੋੜ੍ਹੀ ਜਿਹੀ ਬਾਰਿਸ਼ ਦੀ ਚਿੰਤਾ ਕਰਨ ਦੀ ਲੋੜ ਨਹੀਂ, ਬੱਦਲ ਭਾਵੇਂ ਕਿੰਨੇ ਵੀ ਕਾਲੇ ਹੋਣ, ਸੂਰਜ ਹਮੇਸ਼ਾ ਚਮਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੋਰ ਨੇਤਾਵਾਂ (ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ) ਵਾਂਗ ਨਹੀਂ ਹਨ ਜੋ ਸਭ ਤੋਂ ਪਹਿਲਾਂ ਆਪਣੀ ਸੁਰੱਖਿਆ ਲਈ ਭੱਜਦੇ ਹਨ। ਪਰ ਮੇਰੇ ਲਈ ਜਨਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੀ ਪਹਿਲ ਹੈ।

ਮਾਨ ਨੇ ਕਿਹਾ ਕਿ ਕੁਦਰਤ ਤੇ ਕੋਈ ਕਾਬੂ ਨਹੀਂ ਪਾ ਸਕਦਾ ਪਰ ਅਜਿਹੇ ਸਮੇਂ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜੇ ਹੋ ਸਕਦੇ ਹਾਂ। ਮੀਂਹ, ਹਨੇਰੀ ਜਾਂ ਤੂਫ਼ਾਨ ਹੋਵੇ, ਭਗਵੰਤ ਮਾਨ ਤੁਹਾਡੇ ਨਾਲ ਖੜ੍ਹਾ ਰਹੇਗਾ।ਪਾਰਟੀ ਵਰਕਰ ਅਤੇ ਇਕੱਠੀ ਹੋਈ ਭੀੜ ਇਸ ਗੱਲ ਤੋਂ ਵੀ ਕਾਫ਼ੀ ਖ਼ੁਸ਼ ਸੀ ਕਿ ‘ਆਪ’ ਆਗੂ ਨੇ ਭਾਰੀ ਬਾਰਿਸ਼ ਤੋਂ ਬਾਅਦ ਵੀ ਪ੍ਰੋਗਰਾਮ ਕੈਂਸਲ ਨਹੀਂ ਕੀਤਾ। ਉਨ੍ਹਾਂ ਆਮ ਲੋਕਾਂ ਲਈ ਮੌਜੂਦ ਰਹਿਣ ਅਤੇ ਹਮੇਸ਼ਾ ਸਾਡੇ ਕਿਸਾਨਾਂ ਬਾਰੇ ਸੋਚਣ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *