

ਚੰਡੀਗੜ੍ਹ, 30 ਜੂਨ, ਪੰਜਾਬੀ ਦੁਨੀਆ ਬਿਊਰੋ:
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਫੋਰਮ ਆਫ਼ ਰੈਜ਼ੀਡੈਂਟ ਡਾਕਟਰਜ਼ ਆਫ਼ ਪੰਜਾਬ ਦੇ ਨੁਮਾਇੰਦਿਆਂ ਅੱਜ ਲਗਭਗ ਦੋ ਘੰਟੇ ਲੰਬੀ ਚੱਲੀ ਮੀਟਿੰਗ ਸਫਲਤਾਪੂਰਵਕ ਸਮਾਪਤ ਹੋਈ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਵਿੱਤ ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਸਕੱਤਰ ਖਰਚਾ ਵੀ.ਐਨ. ਜ਼ਾਦੇ, ਅਤੇ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਡਾ. ਅਵਨੀਸ਼ ਕੁਮਾਰ ਵੀ ਸ਼ਾਮਲ ਸਨ, ਦੌਰਾਨ ਰੈਜ਼ੀਡੈਂਟ ਡਾਕਟਰਾਂ ਦੁਆਰਾ ਉਠਾਈਆਂ ਗਈਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ।
ਮੀਟਿੰਗ ਦੌਰਾਨ ਦੋਵਾਂ ਮੰਤਰੀਆਂ ਨੇ ਪੰਜਾਬ ਦੇ ਰੈਜ਼ੀਡੈਂਟ ਡਾਕਟਰਾਂ ਦੇ ਫੋਰਮ ਦੁਆਰਾ ਰੱਖੀਆਂ ਗਈਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਆਪਣੀ ਸਹਿਮਤੀ ਦਿੱਤੀ। ਇਸ ਸਕਾਰਾਤਮਕ ਨਤੀਜੇ ਤੋਂ ਬਾਅਦ, ਫੋਰਮ ਦੇ ਨੁਮਾਇੰਦਿਆਂ ਨੇ ਆਪਣੀ ਹੜਤਾਲ ਸਮਾਪਤ ਕਰਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ, ਜਿਸ ਨਾਲ ਰਾਜ ਭਰ ਵਿੱਚ ਸਿਹਤ ਸੰਭਾਲ ਸੇਵਾਵਾਂ ਜਾਰੀ ਰਹਿਣਗੀਆਂ।
ਫੋਰਮ ਆਫ਼ ਰੈਜ਼ੀਡੈਂਟ ਡਾਕਟਰਜ਼ ਆਫ਼ ਪੰਜਾਬ ਦੇ ਪ੍ਰਤੀਨਿਧੀਆਂ ਵਿੱਚ ਡਾ. ਰਮਨਦੀਪ ਸਿੰਘ (ਪ੍ਰਧਾਨ ਆਰ.ਡੀ.ਏ ਪਟਿਆਲਾ), ਡਾ. ਅਕਸ਼ੈ ਸੇਠ (ਮੁੱਖ ਸਰਪ੍ਰਸਤ ਆਰ.ਡੀ.ਏ ਪਟਿਆਲਾ), ਡਾ. ਗੁਰਭਗਤ ਸਿੰਘ (ਜਨਰਲ ਸਕੱਤਰ), ਡਾ. ਮਿਲਾਨ (ਸਲਾਹਕਾਰ), ਡਾ. ਮਹਿਤਾਬ ਸਿੰਘ ਬੱਲ (ਪ੍ਰੈਸ ਸਕੱਤਰ), ਅਤੇ ਕਾਰਜਕਾਰੀ ਮੈਂਬਰ ਡਾ. ਗੁਰਜੀਤ ਸਿੰਘ ਅਤੇ ਡਾ. ਦਰਸ਼ਦੀਪ ਸਿੰਘ ਸ਼ਾਮਲ ਸਨ।