ਚੰਡੀਗੜ੍ਹ, 15 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਦੇਸ਼ ਦੇ 10 ਰੂਟਾਂ ਉਤੇ ਬੁਲੇਟ ਟਰੇਨ ਦੌੜੇਗੀ। ਇਸ ਤੋਂ ਪਹਿਲਾਂ ਬੁਲੇਟ ਟਰੇਨ ਦੇ ਛੇ ਰੂਟਾਂ ਦੀ ਚੋਣ ਕੀਤੀ ਜਾ ਚੁੱਕੀ ਹੈ ਅਤੇ ਅਹਿਮਦਾਬਾਦ ਤੋਂ ਮੁੰਬਈ ਰੂਟ ‘ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰੇਲ ਮੰਤਰੀ ਨੇ 2026 ਵਿੱਚ ਬੁਲੇਟ ਟਰੇਨ ਚਲਾਉਣ ਦਾ ਐਲਾਨ ਵੀ ਕੀਤਾ ਹੈ। ਦੱਸਣਯੋਗ ਹੈ ਕਿ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਪ੍ਰਧਾਨ ਮੰਤਰੀ ਨੇ ਤਿੰਨ ਹੋਰ ਨਵੇਂ ਰੂਟਾਂ ਉੱਤੇ ਬੁਲੇਟ ਟਰੇਨ ਚਲਾਉਣ ਦਾ ਐਲਾਨ ਕੀਤਾ ਸੀ।
ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਤੋਂ ਇਲਾਵਾ ਭਵਿੱਖ ‘ਚ ਛੇ ਹੋਰ ਰੂਟਾਂ ‘ਤੇ ਬੁਲੇਟ ਚਲਾਉਣ ਦੀ ਤਿਆਰੀ ਹੈ। ਨਵੇਂ ਰੂਟਾਂ ਵਿਚ ਦਿੱਲੀ-ਅੰਮ੍ਰਿਤਸਰ, ਹਾਵੜਾ-ਵਾਰਾਨਸੀ-ਪਟਨਾ, ਦਿੱਲੀ-ਆਗਰਾ-ਲਖਨਊ-ਵਾਰਾਣਸੀ, ਦਿੱਲੀ-ਜੈਪੁਰ-ਉਦੈਪੁਰ-ਅਹਿਮਦਾਬਾਦ, ਮੁੰਬਈ-ਨਾਸਿਕ-ਨਾਗਪੁਰ, ਮੁੰਬਈ-ਹੈਦਰਾਬਾਦ ਕੋਰੀਡੋਰ ਲਈ ਸੰਭਾਵਨਾ ਰਿਪੋਰਟ ਤਿਆਰ ਕੀਤੀ ਗਈ ਹੈ।
ਰੇਲਵੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਹਿਮਦਾਬਾਦ-ਮੁੰਬਈ ਤੋਂ ਬਾਅਦ ਹਾਵੜਾ-ਵਾਰਾਨਸੀ ਅਤੇ ਦਿੱਲੀ-ਅੰਮ੍ਰਿਤਸਰ ਵਿਚਕਾਰ ਬੁਲੇਟ ਟਰੇਨ ਚਲਾਈ ਜਾਵੇਗੀ। ਲੋਕ ਸਭਾ ਚੋਣਾਂ ਤੋਂ ਬਾਅਦ ਡੀਪੀਆਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਡੀਪੀਆਰ ਦਾ ਕੰਮ ਛੇ ਤੋਂ ਅੱਠ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ।