
ਇਸਲਾਮਾਬਾਦ, 2 ਮਈ, ਪੰਜਾਬੀ ਦੁਨੀਆ ਬਿਊਰੋ:
ਪਾਕਿਸਤਾਨ ਸਰਕਾਰ ਨੇ ਬੀਤੀ ਕੱਲ੍ਹ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਦੱਸਿਆ ਹੈ ਕਿ ਹੁਣ ਪਾਕਿਸਤਾਨ ਵਿੱਚ ਬਾਲੀਵੁੱਡ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ, ‘ਹੁਣ ਪਾਕਿਸਤਾਨੀ ਐਫਐਮ ਰੇਡੀਓ ਸਟੇਸ਼ਨਾਂ ‘ਤੇ ਭਾਰਤੀ ਗਾਣੇ ਨਹੀਂ ਚਲਾਏ ਜਾਣਗੇ।’ ਇਹ ਵੀ ਕਿਹਾ ਗਿਆ ਹੈ ਕਿ ਇਹ ਫੈਸਲਾ ਪੂਰੇ ਮਾਮਲੇ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਪਾਕਿਸਤਾਨ ਬ੍ਰੌਡਕਾਸਟਿੰਗ ਐਸੋਸੀਏਸ਼ਨ (ਪੀਬੀਏ) ਦੇ ਜਨਰਲ ਸਕੱਤਰ ਸ਼ਕੀਲ ਮਸੂਦ ਨੇ ਕਿਹਾ, ‘ਪੀਬੀਏ ਨੇ ਤੁਰੰਤ ਪ੍ਰਭਾਵ ਨਾਲ ਦੇਸ਼ ਭਰ ਦੇ ਪਾਕਿਸਤਾਨੀ ਐਫਐਮ ਰੇਡੀਓ ਸਟੇਸ਼ਨਾਂ ਤੋਂ ਭਾਰਤੀ ਗੀਤਾਂ ਦਾ ਪ੍ਰਸਾਰਣ ਬੰਦ ਕਰ ਦਿੱਤਾ ਹੈ।’ ਭਾਰਤੀ ਗਾਣੇ, ਖਾਸ ਕਰਕੇ ਲਤਾ ਮੰਗੇਸ਼ਕਰ, ਮੁਹੰਮਦ ਰਫੀ, ਕਿਸ਼ੋਰ ਕੁਮਾਰ ਅਤੇ ਮੁਕੇਸ਼ ਵਰਗੇ ਮਹਾਨ ਗਾਇਕਾਂ ਦੇ ਗਾਣੇ, ਪਾਕਿਸਤਾਨੀਆਂ ਵਿੱਚ ਪ੍ਰਸਿੱਧ ਹਨ ਅਤੇ ਇੱਥੇ ਐਫਐਮ ਰੇਡੀਓ ਸਟੇਸ਼ਨਾਂ ‘ਤੇ ਰੋਜ਼ਾਨਾ ਚਲਾਏ ਜਾਂਦੇ ਹਨ। ਪਾਕਿਸਤਾਨ ਦੇ ਸੂਚਨਾ ਮੰਤਰੀ ਅੱਤਾ ਤਰਾਰ ਨੇ ਪੀਬੀਏ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਪਾਕਿਸਤਾਨ ਵਲੋਂ ਇਹ ਕਾਰਵਾਈ ਭਾਰਤ ਸਰਕਾਰ ਵਲੋਂ ਭਾਰਤ ਵਿੱਚ ਕਈ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਅਤੇ ਯੂਟਿਊਬ ਚੈਨਲਾਂ ‘ਤੇ ਪਾਬੰਦੀ ਲਗਾਉਣ ਦੇ ਜਵਾਬ ਵਿੱਚ ਕੀਤੀ ਗਈ ਹੈ।