Breaking News

ਭਾਜਪਾ ਪੰਜਾਬ ਦੇ ਵਫ਼ਦ ਨੇ ਲੁਧਿਆਣਾ ‘ਚ ਰੇਤ ਮਾਫੀਆ ਹਿੰਸਾ ਬਾਰੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

ਵਫ਼ਦ ਨੇ ਮਾਫੀਆ ਨੂੰ ਸ਼ਹਿ ਦੇਣ ਲਈ ਪੁਲਿਸ, ਮਾਈਨਿੰਗ ਅਤੇ ਲੋਕ ਨਿਰਮਾਣ ਵਿਭਾਗ ਦੀ ਖੁੱਲ੍ਹੀ ਮਿਲੀਭੁਗਤ ਦਾ ਦੋਸ਼ ਲਗਾਇਆ  

ਚੰਡੀਗੜ੍ਹ, 18 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : 

ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਹੇਠ ਭਾਜਪਾ ਦਾ ਇੱਕ ਵਫ਼ਦ ਸ਼ੁੱਕਰਵਾਰ ਨੂੰ ਪੰਜਾਬ ਦੇ ਮਾਣਯੋਗ ਰਾਜਪਾਲ ਨੂੰ ਮਿਲਿਆ। ਵਫ਼ਦ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਸਾਹਨੇਵਾਲ ਹਲਕੇ ਵਿੱਚ ਗੈਰ-ਕਾਨੂੰਨੀ ਰੇਤ ਮਾਈਨਿੰਗ ਅਤੇ ਪਿੰਡ ਵਾਸੀਆਂ ਵਿਰੁੱਧ ਬੇਰਹਿਮੀ ਨਾਲ ਕੀਤੀ ਜਾ ਰਹੀ ਹਿੰਸਾ ਦੀ ਚਿੰਤਾਜਨਕ ਸਥਿਤੀ ਬਾਰੇ ਇੱਕ ਵਿਸਤ੍ਰਿਤ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਗੌਂਸਗੜ੍ਹ, ਗੜ੍ਹਪੁਰ, ਖਵਾਜਕੇ, ਮਾਂਗਟ, ਬੂਥਗੜ੍ਹ, ਰਾਵਤ, ਹਵਾਸ ਅਤੇ ਮੰਗਲੀ ਪਿੰਡਾਂ ਦੀਆਂ ਚੁਣੀਆਂ ਹੋਈਆਂ ਪੰਚਾਇਤਾਂ ਸ਼ਾਮਲ ਸਨ। ਸਾਰਿਆਂ ਨੇ ਸਥਾਨਕ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਸੁਰੱਖਿਆ ਹੇਠ ਰੇਤ ਮਾਫੀਆ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਬਾਰੇ ਵਿਸਥਾਰ ਨਾਲ ਦੱਸਿਆ।

ਭਾਜਪਾ ਬੁਲਾਰੇ ਪ੍ਰੀਤਪਾਲ ਸਿੰਘ ਬਲੀਆਵਾਲ ਨੇ ਪੁਲਿਸ, ਮਾਈਨਿੰਗ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ‘ਤੇ ਮਾਫੀਆ ਨੂੰ ਸਮਰੱਥ ਬਣਾਉਣ ਵਿੱਚ ਖੁੱਲ੍ਹੀ ਮਿਲੀਭੁਗਤ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ। ਵਫ਼ਦ ਵਿੱਚ ਭਾਜਪਾ ਪੰਜਾਬ ਦੇ ਬੁਲਾਰੇ ਪ੍ਰੀਤਪਾਲ ਸਿੰਘ ਬਾਲੀਵਾਲ, ਸੀਨੀਅਰ ਭਾਜਪਾ ਆਗੂ ਵਿਨੀਤ ਜੋਸ਼ੀ ਅਤੇ ਗੇਜਾ ਰਾਮ ਵਾਲਮੀਕੀ ਵੀ ਸ਼ਾਮਲ ਸਨ। 

ਮੰਗ ਪੱਤਰ ਵਿੱਚ ਓਵਰਲੋਡ ਮਾਈਨਿੰਗ ਟਰੱਕਾਂ ਕਾਰਨ ਪੇਂਡੂ ਸੜਕਾਂ ਦੀ ਤਬਾਹੀ, ਪਿੰਡ ਵਾਸੀਆਂ ਨੂੰ ਪਰੇਸ਼ਾਨ ਕਰਨ, ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੀਤੀਆਂ ਗਈਆਂ ਝੂਠੀਆਂ ਐਫਆਈਆਰਜ਼ ਅਤੇ 17 ਅਪ੍ਰੈਲ, 2025 ਦੀ ਭਿਆਨਕ ਘਟਨਾ ਨੂੰ ਉਜਾਗਰ ਕੀਤਾ ਗਿਆ, ਜਦੋਂ ਮਾਈਨਿੰਗ ਮਾਫੀਆ ਦੇ ਗੁੰਡਿਆਂ ਨੇ ਦਿਨ-ਦਿਹਾੜੇ ਨਿਹੱਥੇ ਪਿੰਡ ਵਾਸੀਆਂ ‘ਤੇ ਕੀਤੇ ਹਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਕੀਲ ਸਿਮਰਨਜੀਤ ਕੌਰ ਗਿੱਲ, ਅਮਨਦੀਪ ਸਿੰਘ ਅਤੇ ਬਲਰਾਜ ਸਿੰਘ ਸਮੇਤ ਕਈ ਹੋਰ ਪਿੰਡ ਵਾਸੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਸਪੱਸ਼ਟ ਵੀਡੀਓ ਅਤੇ ਲਾਈਵ ਫੁਟੇਜ ਦੇ ਸਬੂਤ ਹੋਣ ਦੇ ਬਾਵਜੂਦ, ਹਮਲਾਵਰਾਂ ਵਿਰੁੱਧ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। 

ਭਾਜਪਾ ਵਫ਼ਦ ਨੇ ਮਾਫੀਆ ਨੂੰ ਸਮਰੱਥ ਬਣਾਉਣ ਵਿੱਚ ਪੁਲਿਸ, ਮਾਈਨਿੰਗ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੀ ਖੁੱਲ੍ਹੀ ਮਿਲੀਭੁਗਤ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਮੰਗ ਪੱਤਰ ਵਿੱਚ ਮੌਜੂਦਾ ਵਿਧਾਇਕ ਅਤੇ ਮੰਤਰੀ ਹਰਦੀਪ ਮੁੰਡੀਆਂ ਦੀ ਭੂਮਿਕਾ ‘ਤੇ ਵੀ ਗੰਭੀਰ ਸਵਾਲ ਉਠਾਏ ਗਏ ਹਨ, ਜਿਨ੍ਹਾਂ ‘ਤੇ ਇਲਾਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਾਰਜਾਂ ਨੂੰ ਪਨਾਹ ਦੇਣ ਦਾ ਦੋਸ਼ ਹੈ।  

ਵਫ਼ਦ ਦੀ ਗੱਲ ਸੁਣਨ ਤੋਂ ਬਾਅਦ, ਪੰਜਾਬ ਦੇ ਮਾਣਯੋਗ ਰਾਜਪਾਲ ਨੇ ਪੰਜਾਬ ਦੇ ਡੀਜੀਪੀ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਪਿੰਡ ਵਾਸੀਆਂ ‘ਤੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ ਅਤੇ ਰਾਜ ਭਰ ਵਿੱਚ ਸਾਰੇ ਕਾਨੂੰਨੀ ਅਤੇ ਗੈਰ-ਕਾਨੂੰਨੀ ਮਾਈਨਿੰਗ ਕਾਰਜਾਂ ਦੀ ਇੱਕ ਵਿਸਤ੍ਰਿਤ ਸੂਚੀ ਪੇਸ਼ ਕੀਤੀ ਜਾਵੇ। ਰਾਜਪਾਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਿਆਂ ਯਕੀਨੀ ਬਣਾਇਆ ਜਾਵੇਗਾ।

ਇਸ ਦੌਰਾਨ ਪੰਜਾਬ ਭਾਜਪਾ ਨੇ ਆਪਣਾ ਸਟੈਂਡ ਦੁਹਰਾਇਆ ਕਿ ਉਹ ਪੰਜਾਬ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇਗੀ ਅਤੇ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰੇਗੀ।

Leave a Reply

Your email address will not be published. Required fields are marked *