
ਸਮੂਹ ਪੰਜਾਬੀ ਕਲਾਕਾਰਾਂ ਨੂੰ ਮਾਤ ਭਾਸ਼ਾ ਦੀ ਤਰੱਕੀ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਰਚਣ ਦੀ ਅਪੀਲ
ਅਜੋਕੇ ਕਲਾਕਾਰਾਂ ਨੂੰ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਲਾਲ ਚੰਦ ਯਮਲਾ, ਆਸਾ ਸਿੰਘ ਮਸਤਾਨਾ ਵਰਗੇ ਸਦਾਬਹਾਰ ਕਲਾਕਾਰਾਂ ਤੋਂ ਸੇਧ ਲੈਣ ਦੀ ਸਲਾਹ
ਮੋਹਾਲੀ, 18 ਅਪ੍ਰੈਲ, ਅਮਨਦੀਪ ਸਿੰਘ :
ਪੰਜਾਬ ਵਿੱਚ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਵਾਲ਼ੇ ਗੀਤਾਂ ਨੂੰ ਯੂਟਿਊਬ ਤੋਂ ਹਟਵਾਉਣ ਦੇ ਮਕਸਦ ਨੂੰ ਲੈ ਕੇ ਪੰਜਾਬੀ ਭਾਸ਼ਾ ਦੇ ਸੁਹਿਰਦ ਸੇਵਾਦਾਰ ਅਤੇ ਸਮਾਜ ਵਿਗਿਆਨੀ ਪ੍ਰੋਫ਼ੈਸਰ ਪੰਡਿਤ ਰਾਓ ਧਰੇਨਵਰ ਵੱਲੋਂ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਪੰਜਾਬੀ ਕਲਾਕਾਰਾਂ ਦੀ ਰਿਹਾਇਸ਼ ਹੋਮਲੈਂਡ ਬਿਲਡਿੰਗ ਦੇ ਸਾਹਮਣੇ ਧਰਨਾ ਦਿੱਤਾ ਗਿਆ। ਕਰਨਾਟਕ ਦੇ ਜੰਮਪਲ ਪ੍ਰੋਫ਼ੈਸਰ ਰਾਓ ਨੇ ਇਸ ਮੌਕੇ ਆਪਣੀ ਮਾਤ ਭਾਸ਼ਾ ਕੰਨੜ ਵਿੱਚ ਜਪੁਜੀ ਸਾਹਿਬ ਦਾ ਪਾਠ ਵੀ ਕੀਤਾ।
ਇਸ ਮੌਕੇ ਉਹਨਾਂ ਨੇ ਸਮੂਹ ਪੰਜਾਬੀ ਕਲਾਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਵਾਲੇ ਆਪਣੇ ਸਾਰੇ ਗਾਣੇ ਯੂਟਿਊਬ ਤੋਂ ਹਟਾ ਲੈਣ। ਉਹਨਾਂ ਕਿਹਾ ਕਿ ਨੌਜਵਾਨੀ ਨੂੰ ਕੁਰਾਹੇ ਪਾਉਣ ਵਾਲ਼ੇ ਗਾਣੇ ਲਿਖਣ ਦੀ ਥਾਂ ਉਹ ਆਪਣੇ ਸਮਾਜ ਅਤੇ ਮਾਤ ਭਾਸ਼ਾ ਦੀ ਤਰੱਕੀ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤਾਂ ਦੀ ਰਚਨਾ ਕਰਨ ਵੱਲ ਧਿਆਨ ਦੇਣ। ਉਹਨਾਂ ਕਿਹਾ ਕਿ ਨੌਜਵਾਨੀ ਨੂੰ ਕੁਰਾਹੇ ਪਾਉਣ ਵਾਲ਼ੇ ਗੀਤਾਂ ਨਾਲ਼ ਕੋਈ ਕਲਾਕਾਰ ਕੁਝ ਸਮੇਂ ਲਈ ਮਸ਼ਹੂਰ ਹੋ ਕੇ ਭਾਂਵੇਂ ਕੁਝ ਧਨ ਤਾਂ ਕਮਾ ਲਏਗਾ ਪਰ ਲੰਮੀ ਦੌੜ ਵਿੱਚ ਉਹ ਪਿਛੜ ਜਾਵੇਗਾ ਅਤੇ ਅਗਲੀਆਂ ਪੀੜੀਆਂ ਵੱਲੋਂ ਉਹਨਾਂ ਨੂੰ ਭੁਲਾ ਦਿੱਤਾ ਜਾਵੇਗਾ।
ਉਨਾਂ ਨੇ ਕਲਾਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਅੱਜ ਵੀ ਪਰਿਵਾਰਾਂ ਵਿੱਚ ਬੈਠ ਕੇ ਸੁਣੇ ਜਾਂਦੇ ਗਾਇਕਾਂ ਜਿਵੇਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਲਾਲ ਚੰਦ ਯਮਲਾ, ਆਸਾ ਸਿੰਘ ਮਸਤਾਨਾ ਵਰਗੇ ਸਦਾਬਹਾਰ ਕਲਾਕਾਰਾਂ ਤੋਂ ਸੇਧ ਲੈ ਕੇ ਚੰਗਾ ਸਾਹਿਤ ਰਚ ਕੇ ਦੁਨੀਆਂ ਭਰ ਦੇ ਪੰਜਾਬੀ ਸਮਾਜ ਵਿੱਚ ਮਕਬੂਲ ਹੋਣ ਦੀ ਕੋਸ਼ਿਸ਼ ਕਰਨ। ਇਸ ਨਾਲ਼ ਜਿਹੜਾ ਆਤਮਿਕ ਆਨੰਦ ਹਾਸਲ ਹੋਵੇਗਾ ਉਹ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਦਮ ਤੱਕ ਹੁਲਾਰੇ ਦਿੰਦਾ ਰਹੇਗਾ।
ਪੰਡਿਤ ਰਾਓ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਸਾਰੇ ਕਲਾਕਾਰਾਂ ਨੂੰ ਇੱਕ ਸੁਹਿਰਦ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਨੇ ਚਿਤਾਵਨੀ ਦਿੱਤੀ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਹੱਲਾਸ਼ੇਰੀ ਦੇਣ ਵਾਲ਼ੇ ਗੀਤਕਾਰਾਂ ਅਤੇ ਗਾਇਕ ਕਲਾਕਾਰਾਂ ਦੇ ਖ਼ਿਲਾਫ਼ ਭਵਿੱਖ ਵਿੱਚ ਕਾਨੂੰਨੀ ਕਾਰਵਾਈ ਵੀ ਸ਼ੁਰੂ ਹੋ ਸਕਦੀ ਹੈ।