
ਕੋਈ ਵੀ ਆੜਤੀਆ ਕਿਸਾਨ ਦੀ ਜਿਣਸ ਨੂੰ ਕੱਟ ਨਹੀਂ ਲਗਾ ਸਕਦਾ ਅਤੇ ਨਮੀ ਚੈਕ ਕਰਨ ਦਾ ਅਧਿਕਾਰ ਕੇਵਲ ਖਰੀਦ ਏਜੰਸੀ ਜਾਂ ਮਾਰਕੀਟ ਕਮੇਟੀ ਦੇ ਅਧਿਕਾਰੀ ਨੂੰ: ਸਕੱਤਰ ਅਕਾਸ਼ਦੀਪ
ਮੁਕੇਰੀਆਂ, 27 ਮਾਰਚ, ਪੰਜਾਬੀ ਦੁਨੀਆ ਬਿਊਰੋ:
ਨੁਸ਼ਿਹਰਾ ਪੱਤਣ ਦੇ ਆੜਤੀਏ ਜਸਵਿੰਦਰ ਸਿੰਘ ਵਲੋਂ ਕਿਸਾਨ ਦੀ 40 ਕੁਇੰਟਲ ਝੋਨੇ ਦੀ ਫਸਲ ਨੂੰ 3 ਕੁਇੰਟਲ ਕੱਟ ਲਗਾਉਣ ਖਿਲਾਫ਼ ‘ਪੰਜਾਬੀ ਦੁਨੀਆਂ’ ਵਲੋਂ ਮਾਮਲਾ ਨਸ਼ਰ ਕੀਤੇ ਜਾਣ ਤੋਂ ਬਾਅਦ ਮਾਰਕੀਟ ਕਮੇਟੀ ਹਰਕਤ ਵਿੱਚ ਆ ਗਈ ਹੈ। ਖਬਰ ਪ੍ਰਕਾਸ਼ਿਤ ਹੋਣ ਉਪਰੰਤ ਅੱਜ ਸ਼ਿਕਾਇਤਕਰਤਾ ਨੂੰ ਮਾਰਕੀਟ ਕਮੇਟੀ ਵਲੋਂ ਜਾਂਚ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਇਹ ਵੀ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਪੰਜਾਬ ਸਰਕਾਰ ਵਲੋਂ ਨਮੀ ਚੈਕ ਕਰਨ ਲਈ ਮਾਰਕੀਟ ਕਮੇਟੀ ਜਾਂ ਖਰੀਦ ਏਜੰਸੀ ਦੇ ਅਧਿਕਾਰੀ ਹੀ ਅਧਿਕਾਰਤ ਕੀਤੇ ਗਏ ਹਨ। ਪਰ ਆੜਤੀਏ ਕਥਿਤ ਕਿਸਾਨਾਂ ਦੀ ਆਰਥਿਕ ਲੁੱਟ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਵਲੋਂ ਚੈਕ ਕੀਤੀ ਨਮੀ ਨੂੰ ਅਧਾਰ ਬਣਾ ਕੇ ਹੀ ਕਿਸਾਨਾਂ ਨੂੰ ਕੱਟ ਲਗਾ ਰਹੇ ਹਨ। ਅਜਿਹਾ ਪੰਜਾਬ ਵਿੱਚ ਵੱਡੇ ਪੱਧਰ ‘ਤੇ ਹੋਇਆ ਹੈ ਅਤੇ ਇਹ ਮਾਰਕੀਟ ਕਮੇਟੀ ਦੇ ਅਧਿਕਾਰੀ ਦੱਬੀ ਜ਼ੁਬਾਨ ਵਿੱਚ ਮੰਨਦੇ ਹਨ।
ਸ਼ਿਕਾਇਤਕਰਤਾ ਜਸਪਾਲ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਹਰ ਉਸ ਪੱਖ ਨੂੰ ਵਾਚਿਆ ਜਾਂ, ਜਿਸ ਨਾਲ ਆੜਤੀਏ ਕਿਸਾਨਾਂ ਦੀ ਆਰਥਿਕ ਲੁੱਟ ਕਰਦੇ ਹਨ। ਸ਼ਿਕਾਇਤ ਦੀ ਜਾਂਚ ਦੌਰਾਨ ਸਪੱਸ਼ਟ ਹੋ ਗਿਆ ਝੋਨੇ ਦੀ ਫਸਲ ਨੂੰ 3 ਕੁਇੰਟਲ ਦਾ ਕੱਟ ਲਗਾ ਕੇ ਉਨ੍ਹਾਂ ਦੀ ਕਥਿਤ ਆਰਥਿਕ ਲੁੱਟ ਕੀਤੀ ਗਈ ਹੈ ਅਤੇ ਇਸ ਕੀਤੀ ਲੁੱਟ ਦੀ ਰਾਸ਼ੀ ਦੇਣ ਲਈ ਆੜਤੀਆ ਤਿਆਰ ਵੀ ਹੋ ਗਿਆ। ਪਰ ਉਨ੍ਹਾ ਸਪੱਸ਼ਟ ਕੀਤਾ ਕਿ ਉਨ੍ਹਾ ਆਪਣੀ ਜਿਣਸ ਵੇਚੀ ਹੈ ਅਤੇ ਜੇ ਫਾਰਮ ਰਾਹੀਂ ਹੀ ਅਦਾਇਗੀ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਸਾਫ ਕਰ ਦਿੱਤਾ ਕਿ ਕੱਟੀ ਗਈ ਰਾਸ਼ੀ ਦੀ ਅਦਾਇਗੀ ਸਮੇਤ ਮਾਰਕੀਟ ਕਮੇਟੀ ਦੇ ਨਿਯਮਾਂ ਅਨੁਸਾਰ ਆੜਤੀਏ ਖਿਲਾਫ਼ ਬਣਦੀ ਕਾਰਵਾਈ ਕਰਾਉਣ ਤੱਕ ਉਹ ਸੰਘਰਸ਼ ਕਰਨਗੇ। ਜੇਕਰ ਕੋਈ ਢਿੱਲ ਵਰਤੀ ਗਈ ਤਾਂ ਗਈ ਤਾਂ ਅਦਾਲਤੀ ਚਾਰਾਜੋਈ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਕੱਤਰ ਅਕਾਸ਼ਦੀਪ ਸਿੰਘ ਨੇ ਜਾਂਚ ਦੌਰਾਨ ਦੋ ਗੱਲਾਂ ਤਾਂ ਬਿੱਲਕੁੱਲ ਸਪੱਸ਼ਟ ਕਰ ਦਿੱਤੀਆ ਹਨ ਕਿ ਨਾ ਤਾਂ ਕੋਈ ਆੜਤੀਆ ਕਿਸਾਨ ਦੀ ਜਿਣਸ ਨੂੰ ਕੱਟ ਲਗਾ ਸਕਦਾ ਹੈ ਅਤੇ ਨਾ ਹੀ ਪ੍ਰਵਾਸੀ ਮਜ਼ਦੂਰ ਝੋਨੇ ਦੀ ਨਮੀ ਚੈਕ ਕਰਨ ਲਈ ਅਧਿਕਾਰਤ ਹੈ। ਨਮੀ ਕੇਵਲ ਮਾਰਕੀਟ ਕਮੇਟੀ ਦਾ ਅਧਿਕਾਰੀ ਜਾਂ ਖਰੀਦ ਏਜੰਸੀ ਦਾ ਅਧਿਕਾਰੀ ਹੀ ਚੈਕ ਕਰ ਸਕਦਾ ਹੈ। ਮਾਰਕੀਟ ਕਮੇਟੀ ਦੇ ਸਕੱਤਰ ਅਕਾਸ਼ਦੀਪ ਸਿੰਘ ਨੇ ਉਨਾਂ ਨੂੰ ਭਰੋਸਾ ਦੁਆਇਆ ਕਿ ਆੜਤੀਏ ਵਲੋਂ ਲਗਾਏ ਕੱਟ ਦੀ ਰਾਸ਼ੀ ਵੀ ਵਾਪਸ ਕਰਵਾਈ ਜਾਵੇਗੀ ਅਤੇ ਕੱਟ ਲਗਾਉਣ ਖਿਲਾਫ਼ ਕਾਰਵਾਈ ਬਾਰੇ ਰਿਪੋਰਟ ਮਾਨਯੋਗ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੂੰ ਭੇਜ ਦਿੱਤੀ ਜਾਵੇਗੀ। ਇਸ ਸਬੰਧੀ ਸੰਪਰਕ ਕਰਨ ‘ਤੇ ਮਾਰਕੀਟ ਕਮੇਟੀ ਦੇ ਸਕੱਤਰ ਅਕਾਸ਼ਦੀਪ ਸਿੰਘ ਨੇ ਕਿਹਾ ਕਿ ਜਾਂਚ ਲਈ ਦੋਹਾਂ ਧਿਰਾਂ ਨੂੰ ਬੁਲਾਇਆ ਸੀ, ਪਰ ਹਾਲੇ ਆਖਰੀ ਫੈਸਲਾ ਲੈਣਾ ਬਾਕੀ ਹੈ, ਕੁਝ ਤੱਥ ਸਪੱਸ਼ਟ ਹੋ ਗਏ ਹਨ ਅਤੇ ਅਗਲੀ ਤਰੀਕ ‘ਤੇ ਮੁੜ ਦੋਹਾਂ ਧਿਰਾਂ ਨੂੰ ਬੁਲਾਇਆ ਜਾਵੇਗਾ, ਜਿਸ ਲਈ ਹਾਲੇ ਤਰੀਕ ਤੈਅ ਨਹੀਂ ਕੀਤੀ ਗਈ।