
ਇਕ ਦਿਨਾਂ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਤੇਜ਼ 14000 ਦੌੜਾਂ ਦਾ ਕੀਰਤੀਮਾਨ ਬਣਾਇਆ
ਦੁਬਈ, 23 ਫਰਵਰੀ, ਪੰਜਾਬੀ ਦੁਨੀਆ ਬਿਊਰੋ :
ਭਾਰਤੀ ਬੱਲੇਬਾਜ਼ੀ ਦੇ ਸੁਪਰਸਟਾਰ ਵਿਰਾਟ ਕੋਹਲੀ ਨੇ ਐਤਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਚੈਂਪੀਅਨਜ਼ ਟਰਾਫੀ 2025 ਦੇ ਪਾਕਿਸਤਾਨ ਵਿਰੁੱਧ ਮੈਚ ਦੌਰਾਨ ਆਪਣੇ ਨਾਮ ਇਕ ਹੋਰ ਮੀਲ-ਪੱਥਰ ਸਥਾਪਤ ਕੀਤਾ ਹੈ। ਵਿਰਾਟ ਕੋਹਲੀ ਵਨਡੇ ਕ੍ਰਿਕਟ ਦੇ ਇਤਿਹਾਸ ਵਿਚ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਦੇ ਸਭ ਤੋਂ ਤੇਜ਼ 14000 ਦੌੜਾਂ ‘ਤੇ ਪਹੁੰਚਣ ਦੇ ਰਿਕਾਰਡ ਨੂੰ ਪਛਾੜ ਦਿੱਤਾ ਹੈ। ਕੋਹਲੀ ਨੇ ਇਹ ਕੀਰਤੀਮਾਨ 299 ਮੈਚ ਖੇਡ ਕੇ ਬਣਾਇਆ ਹੈ।
ਸਭ ਤੋਂ ਪਹਿਲਾਂ ਸਚਿਨ ਤੇਂਦੂਲਕਰ ਨੇ 359 ਮੈਚਾਂ ਵਿਚ 14000 ਦੌੜਾਂ ਬਣਾਉਣ ਦਾ ਕੀਰਤੀਮਾਨ ਸਥਾਪਤ ਕੀਤਾ ਸੀ। ਤੇਂਦੂਲਕਰ ਨੇ ਆਪਣੇ ਕੈਰੀਅਰ ਦੌਰਾਨ 463 ਇਕ ਦਿਨਾਂ ਮੈਚਾਂ ਵਿਚ ਸਭ ਤੋਂ ਵੱਧ ਕੁੱਲ 18426 ਦੌੜਾਂ ਬਣਾ ਕੇ ਕ੍ਰਿਕਟ ਜਗਤ ਤੋਂ ਸੰਨਿਆਸ ਲੈ ਲਿਆ ਸੀ।
ਇਸ ਤੋਂ ਇਲਾਵਾ ਸ੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ 378 ਮੈਚਾਂ ਵਿਚ 14000 ਦੌੜਾਂ ਬਣਾਈਆਂ ਸਨ ਅਤੇ ਉਸ ਨੇ ਵੀ 404 ਮੈਚਾਂ ਵਿਚ 14234 ਦੌੜਾਂ ਬਣਾ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ਸੀ।