
ਕਾਂਗਰਸੀ ਵਰਕਰਾਂ ਅਤੇ ਵਾਰਡ ਵਾਸੀਆਂ ਨੇ ਰਾਵਤ ਦਾ ਪੁਤਲਾ ਫੂਕ ਕੇ ਜਤਾਇਆ ਸਖ਼ਤ ਵਿਰੋਧ
ਚੰਡੀਗੜ੍ਹ, 27 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਸ਼ਹਿਰ ਦੇ ਵਾਰਡ ਨੰ: 27 ਤੋਂ ਤਿੰਨ ਵਾਰ ਦੀ ਜੇਤੂ ਕਾਂਗਰਸੀ ਕੌਂਸਲਰ ਗੁਰਬਖ਼ਸ਼ ਰਾਵਤ ਅੱਜ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਈ ਹੈ। ਉਹਨਾਂ ਨੇ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਵਿਚ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਦੱਸਣਯੋਗ ਹੈ ਕਿ 30 ਜਨਵਰੀ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀਆਂ ਚੋਣਾਂ ਹੋਣੀਆਂ ਹਨ। ਪਿਛਲੇ ਸਮੇਂ ਵਿਚ ਇਹਨਾਂ ਚੋਣਾਂ ਦਾ ਰੌਲਾ-ਰੱਪਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ ਅਤੇ ਭਾਜਪਾ ਆਪਣਾ ਮੇਅਰ ਬਣਾਉਣ ਵਿਚ ਨਾਕਾਮਯਾਬ ਰਹੀ ਸੀ। ਇਸ ਲਈ ਇਸ ਵਾਰ ਭਾਜਪਾ ਹਰ ਹਾਲਤ ਵਿਚ ਮੇਅਰ ਚੋਣ ਜਿੱਤਣਾ ਚਾਹੁੰਦੀ ਜਾਪਦੀ ਹੈ। ਇਸ ਲਈ ਭਾਜਪਾ ਨੇ ਗੁਰਬਖ਼ਸ਼ ਰਾਵਤ ਨੂੰ ਪਾਰਟੀ ਵਿਚ ਸ਼ਾਮਲ ਕਰਵਾ ਲਿਆ ਹੈ।
ਦੂਜੇ ਪਾਸੇ ਗੁਰਬਖ਼ਸ਼ ਰਾਵਤ ਦੇ ਨਾਲ ਜੁੜੇ ਹੋਏ ਕਾਂਗਰਸੀ ਵਰਕਰਾਂ ਅਤੇ ਵਾਰਡ ਵਾਸੀਆਂ ਨੇ ਰਾਵਤ ਦੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ ਹੈ। ਅੱਜ ਉਹਨਾਂ ਸੈਕਟਰ 40 ਵਿਖੇ ਗੁਰਬਖ਼ਸ਼ ਰਾਵਤ ਦਾ ਪੁਤਲਾ ਫੂਕ ਕੇ ਆਪਣਾ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਕਾਂਗਰਸ ਦੇ ਬਲਾਕ ਪ੍ਰਧਾਨ ਰਾਕੇਸ਼ ਬਰੋਟੀਆ ਨੇ ਕਿਹਾ ਕਿ ਗੁਰਬਖ਼ਸ਼ ਰਾਵਤ ਉਤੇ ਦੋਸ਼ ਲਾਇਆ ਕਿ ਰਾਵਤ ਨੇ ਆਪਣੇ ਨਿੱਜੀ ਫਾਇਦੇ ਲਈ ਪਾਰਟੀ ਦਾ ਸਾਥ ਛੱਡਿਆ ਹੈ। ਉਹਨਾਂ ਅੱਗੇ ਕਿਹਾ ਕਿ ਮੈਡਮ ਰਾਵਤ ਨੇ ਸ਼ਰ੍ਹੇਆਮ ਕਾਂਗਰਸ ਦੇ ਪਿੱਠ ਵਿਚ ਛੁਕਾ ਮਾਰਿਆ ਹੈ ਅਤੇ ਪਾਰਟੀ ਵਰਕਰਾਂ ਅਤੇ ਵਾਰਡ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਵਾਰਡ ਵਾਸੀ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।

ਦੂਜੇ ਪਾਸੇ ਸੈਕਟਰ 39-40 ਫੋਸਵਾ ਦੇ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਪਾਰਟੀ ਨੇ ਗੁਰਬਖਸ਼ ਰਾਵਤ ਨੂੰ ਪਹਿਚਾਣ ਦਿੱਤੀ, ਉਸ ਨਾਲ ਧੋਖਾ ਕਰਨਾ ਚੰਗੀ ਗੱਲ ਨਹੀਂ। ਉਹਨਾਂ ਕਿਹਾ ਕਿ ਰਾਵਤ ਨੇ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਵਾਰਡ ਵਾਸੀਆਂ ਨਾਲ ਰਾਇ ਲੈਣੀ ਵੀ ਜ਼ਰੂਰੀ ਨਹੀਂ ਸਮਝੀ, ਜੋ ਸਿੱਧੇ ਤੌਰ ‘ਤੇ ਵਾਰਡ ਵਾਸੀਆਂ ਨਾਲ ਵਿਸ਼ਵਾਸ਼ਘਾਤ ਹੈ।
ਇਚ ਦੌਰਾਨ ਪੁਤਲਾ ਫੂਕਣ ਮੌਕੇ ਕਾਂਗਰਸੀ ਆਗੂ, ਵੱਡੀ ਗਿਣਤੀ ਵਾਰਡ ਅਤੇ ਇਲਾਕਾ ਨਿਵਾਸੀ ਤੋਂ ਇਲਾਵਾ ਮਹਿਲਾ ਮਮਮ ਪ੍ਰਦੇਸ਼ ਸੈਕਟਰੀ ਮਮਤਾ ਡੋਗਰਾ, ਜ਼ਿਲ੍ਹਾ ਜਨਰਲ ਸਕੱਤਰ ਸਾਦਿਕ ਮੁਹੰਮਦ, ਕਾਂਗਰਸੀ ਵਰਕਰ ਠਾਕੁਰ ਕਰਨੈਲ ਸਿੰਘ, ਰਮੇਸ਼ ਚੰਦ ਸ਼ਰਮਾ, ਅਨਿਲ ਸ਼ਰਮਾ, ਕੈਪਟਨ ਕਪਿਲ, ਅਨੁ ਆਦਿ ਹਾਜ਼ਰ ਸਨ।